ਭਰਤਗੜ੍ਹ, 23 ਮਈ 2025: ਪਿੰਡ ਭਰਤਗੜ੍ਹ ਵਿਖੇ ਵੈਕਟਰ ਜਨਿਤ ਬਿਮਾਰੀਆਂ ਜਿਵੇਂ ਕਿ ਡੇਂਗੂ, ਮਲੇਰੀਆ ਅਤੇ ਚਿਕਨਗੁਨਿਆ ਦੇ ਖਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ।
ਇਹ ਕਾਰਜ ਸੈਨੀਟਰੀ ਇੰਸਪੈਕਟਰ ਪਾਲ ਸਿੰਘ, ਹੈਲਥ ਵਰਕਰ ਨਵੀਨ ਕੁਮਾਰ ਅਤੇ ਹੈਲਥ ਵਰਕਰ ਮਨਜੋਤ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਟੀਮ ਨੇ ਪਿੰਡ ਵਿੱਚ ਘਰ-ਘਰ ਜਾ ਕੇ ਕੰਟੇਨਰ ਸਰਵੇਅ ਕੀਤਾ ਅਤੇ ਮੱਛਰ ਪੈਦਾ ਹੋਣ ਵਾਲੀਆਂ ਥਾਵਾਂ ਦੀ ਜਾਂਚ ਕੀਤੀ।
ਲੋਕਾਂ ਨੂੰ ਸਮਝਾਇਆ ਗਿਆ ਕਿ ਆਪਣੇ ਘਰਾਂ 'ਚ ਖਾਲੀ ਬਰਤਨ, ਪਾਣੀ ਵਾਲੇ ਕੂਲਰ, ਟੈਂਕੀਆਂ ਆਦਿ ਦੀ ਨਿਯਮਤ ਸਫ਼ਾਈ ਕਰਨੀ ਬਹੁਤ ਜ਼ਰੂਰੀ ਹੈ, ਤਾਂ ਜੋ ਮੱਛਰ ਪੈਦਾ ਨਾ ਹੋਣ। ਟੀਮ ਨੇ ਡੇਂਗੂ, ਮਲੇਰੀਆ ਆਦਿ ਦੇ ਲੱਛਣ, ਕਾਰਣ ਅਤੇ ਬਚਾਅ ਦੇ ਤਰੀਕੇ ਬਾਰੇ ਵੀ ਜਾਣਕਾਰੀ ਦਿੱਤੀ।
ਸੀਨੀਅਰ ਮੈਡੀਕਲ ਅਫ਼ਸਰ ਡਾ. ਆਨੰਦ ਘਈ ਨੇ ਕਿਹਾ ਕਿ ਵੈਕਟਰ ਜਨਿਤ ਬਿਮਾਰੀਆਂ ਦੀ ਰੋਕਥਾਮ ਲਈ ਜਨਤਾ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਦੀਆਂ ਮੁਹਿੰਮਾਂ ਸਿਰਫ਼ ਸਰਕਾਰੀ ਕੋਸ਼ਿਸ਼ਾਂ ਤੱਕ ਸੀਮਤ ਨਹੀਂ ਰਹਿਣੀਆਂ, ਸਗੋਂ ਹਰੇਕ ਨਾਗਰਿਕ ਨੂੰ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਪਿੰਡ ਭਰਤਗੜ੍ਹ ਦੇ ਵਾਸੀਆਂ ਨੇ ਜੋ ਸਹਿਯੋਗ ਦਿੱਤਾ, ਉਹ ਕਾਬਿਲ-ਏ-ਤਾਰੀਫ਼ ਹੈ।
ਇਹ ਮੁਹਿੰਮ ਪਿੰਡ ਵਾਸੀਆਂ ਵੱਲੋਂ ਬਹੁਤ ਹੀ ਸਰਾਹੀ ਗਈ ਅਤੇ ਲੋਕਾਂ ਨੇ ਟੀਮ ਨਾਲ ਭਰਪੂਰ ਸਹਿਯੋਗ ਕੀਤਾ।