ਜੈਪੁਰ, 26 ਮਈ 2025: PBKS ਬਨਾਮ MI: ਇੰਡੀਅਨ ਪ੍ਰੀਮਿਅਰ ਲੀਗ 2025 ਹੁਣ ਹੋਰ ਵੀ ਰੋਮਾਂਚਕ ਹੁੰਦਾ ਜਾ ਰਿਹਾ ਹੈ | ਆਈਪੀਐਲ ਦੌਰ ਦੇ ਆਖਰੀ ਕੁਝ ਮੈਚਾਂ ਨੇ ਉਤਸ਼ਾਹ ਵਧਾ ਦਿੱਤਾ ਹੈ। ਪਲੇਆਫ ਲਈ ਪਹਿਲਾਂ ਕੁਆਲੀਫਾਈ ਕਰਨ ਵਾਲੀਆਂ ਟੀਮਾਂ ਇੱਕ-ਇੱਕ ਕਰਕੇ ਹਾਰ ਰਹੀਆਂ ਹਨ ਅਤੇ ਹੁਣ ਚੋਟੀ ਦੇ ਦੋ ‘ਚ ਜਗ੍ਹਾ ਪੱਕੀ ਕਰਨ ਅਤੇ ਕੁਆਲੀਫਾਇਰ-1 ਖੇਡਣ ਦੀ ਲੜਾਈ ਦਿਲਚਸਪ ਹੋ ਗਈ ਹੈ।
ਆਈਪੀਐਲ ‘ਚ ਹੁਣ ਲੀਗ ਰਾਊਂਡ ਪੜਾਅ ਦੇ ਸਿਰਫ਼ 2 ਮੈਚ ਬਾਕੀ ਹਨ। ਇਹ ਤੈਅ ਕਰੇਗਾ ਕਿ ਕਿਹੜੀਆਂ ਟੀਮਾਂ ਅੰਕ ਸੂਚੀ ਦੇ ਸਿਖਰਲੇ 2 ਸਥਾਨਾਂ ‘ਤੇ ਰਹਿਣਗੀਆਂ। ਅੱਜ ਮੈਚ ਮੁੰਬਈ ਇੰਡੀਅਨਜ਼ ਅਤੇ ਪੰਜਾਬ ਕਿੰਗਜ਼ (PBKS) ਵਿਚਕਾਰ ਖੇਡਿਆ ਜਾਵੇਗਾ। ਇਸ ਮੈਚ ਦੀ ਜੇਤੂ ਟੀਮ ਨਾ ਸਿਰਫ਼ ਨੰਬਰ-1 ‘ਤੇ ਪਹੁੰਚੇਗੀ ਬਲਕਿ ਟਾਪ-2 ਦੀ ਸਥਿਤੀ ਵੀ ਪੱਕੀ ਕਰੇਗੀ।
ਅੱਜ ਪੰਜਾਬ ਕਿੰਗਜ਼ (PBKS) ਅਤੇ ਮੁੰਬਈ ਇੰਡੀਅਨਜ਼ (MI) ਵਿਚਕਾਰ ਮੈਚ (PBKS ਬਨਾਮ MI) ਬਹੁਤ ਦਿਲਚਸਪ ਹੋਣ ਵਾਲਾ ਹੈ, ਜਦੋਂ ਕਿ ਲੀਗ ਪੜਾਅ ਦਾ ਆਖਰੀ ਮੈਚ ਮੰਗਲਵਾਰ ਨੂੰ ਰਾਇਲ ਚੈਲੇਂਜਰਜ਼ ਬੰਗਲੁਰੂ ਅਤੇ ਲਖਨਊ ਸੁਪਰ ਜਾਇੰਟਸ ਵਿਚਾਲੇ ਖੇਡਿਆ ਜਾਵੇਗਾ। ਗੁਜਰਾਤ ਨੂੰ ਮੰਗਲਵਾਰ ਨੂੰ ਚੇਨਈ ਸੁਪਰ ਕਿੰਗਜ਼ ਹੱਥੀਂ ਹਾਰ ਮਿਲੀ ਹੈ ਅਤੇ ਜਿਸਨੇ ਸਾਰੇ ਸਮੀਕਰਨ ਨੂੰ ਵਿਗਾੜ ਦਿੱਤਾ ਹੈ। ਇਹ ਗੁਜਰਾਤ ਦੀ ਲਗਾਤਾਰ ਦੂਜੀ ਹਾਰ ਸੀ ਕਿਉਂਕਿ ਸ਼ੁਭਮਨ ਗਿੱਲ ਦੀ ਟੀਮ ਪਹਿਲਾਂ ਲਖਨਊ ਸੁਪਰ ਜਾਇੰਟਸ ਤੋਂ ਹਾਰ ਗਈ ਸੀ। ਹਾਲਾਂਕਿ, ਟੀਮ ਅਜੇ ਵੀ ਚੋਟੀ ਦੀਆਂ ਦੋ ਟੀਮਾਂ ਦੀ ਦੌੜ ‘ਚ ਹੈ, ਪਰ ਉਸਨੂੰ ਦੂਜੀਆਂ ਟੀਮਾਂ ‘ਤੇ ਨਿਰਭਰ ਕਰਨਾ ਪਵੇਗਾ।
ਦੂਜੇ ਪਾਸੇ ਐਤਵਾਰ ਨੂੰ ਦੂਜੇ ਮੈਚ ‘ਚ ਸਨਰਾਈਜ਼ਰਜ਼ ਹੈਦਰਾਬਾਦ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਹਰਾਇਆ। ਇਸ ਨਤੀਜੇ ਦੇ ਨਾਲ, ਸਨਰਾਈਜ਼ਰਜ਼ ਅੰਕ ਸੂਚੀ ‘ਚ ਛੇਵੇਂ ਸਥਾਨ ‘ਤੇ ਪਹੁੰਚ ਗਿਆ। ਜਦੋਂ ਕਿ ਕੇਕੇਆਰ ਨੇ ਲੀਗ ਪੜਾਅ 8ਵੇਂ ਨੰਬਰ ‘ਤੇ ਖਤਮ ਕੀਤਾ ਹੈ | ਸਨਰਾਈਜ਼ਰਜ਼ ਨੇ ਤੀਜੀ ਵਾਰ ਵੱਡਾ ਟੋਟਲ ਬਣਾਇਆ ਹੈ |