ਗੰਡਾਸਾ, ਡੰਡੇ,ਖਪਰਾ, ਮੋਟਰਾਂ ਦੀਆਂ ਕੇਬਲ ਤਾਰਾਂ ਅਤੇ ਤਾਂਬਾ ਬਰਾਮਦ
ਤਪਾ ਮੰਡੀ,28 ਜੂਨ (ਧਰਮਪਾਲ ਸਿੰਘ): ਤਪਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਪੁਲਿਸ ਨੇ ਚੋਰੀ ਅਤੇ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਛੇ ਵਿਅਕਤੀਆਂ ਨੂੰ ਕਾਬੂ ਕੀਤਾ।ਥਾਣਾ ਤਪਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਡੀ.ਐਸ.ਪੀ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਮੁਹੰਮਦ ਸਰਫਰਾਜ਼ ਆਲਮ, ਐਸ.ਪੀ ਰਾਜੇਸ਼ ਛਿੱਬਰ ਅਤੇ ਐਸ.ਪੀ ਅਸ਼ੋਕ ਕੁਮਾਰ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਤਪਾ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਇਲਾਕੇ ਅੰਦਰ ਚੋਰੀ ਅਤੇ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਛੇ ਮੈਂਬਰਾਂ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ। ਉਹਨਾਂ ਦੱਸਿਆ ਕਿ ਥਾਣਾ ਮੁਖੀ ਸ਼ਰੀਫ ਖਾਨ ਦੀ ਅਗਵਾਈ ਹੇਠ ਪੁਲਿਸ ਦੇ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਤਾਜੋ ਕੈਂਚੀਆਂ ਤੇ ਨਾਕਾਬੰਦੀ ਕੀਤੀ ਹੋਈ ਸੀ ਕਿ ਮੁਖਬਰ ਖਾਸ ਨੇ ਆ ਕੇ ਗੁਪਤ ਸੂਚਨਾ ਦਿੱਤੀ ਕਿ ਦੋਸ਼ੀ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਬੇਅੰਤ ਸਿੰਘ,ਵਿੱਕੀ ਸਿੰਘ ਉਰਫ ਵਿੱਕਾ ਪੁੱਤਰ ਸੱਤਪਾਲ ਸਿੰਘ,ਨੈਬ ਸਿੰਘ ਉਰਫ ਟਿੰਕੂ ਪੁੱਤਰ ਮਹਾਵੀਰ ਸਿੰਘ,ਗੁਰਪ੍ਰੀਤ ਸਿੰਘ ਉਰਫ਼ ਗੁਰੀ ਪੁੱਤਰ ਦਰਸ਼ਨ ਸਿੰਘ,ਵਕੀਲ ਰਾਮ ਉਰਫ ਕੀਲਾ ਪੁੱਤਰ ਰਾਮ ਲਾਲ ਅਤੇ ਜਸਵੰਤ ਸਿੰਘ ਉਰਫ ਲੱਪੂ ਪੁੱਤਰ ਦੇਸ ਰਾਜ ਵਾਸੀਆਨ ਤਪਾ ਜੋ ਇਲਾਕੇ ਅਤੇ ਆਸ ਪਾਸ ਦੇ ਪਿੰਡਾਂ ਦੇ ਖੇਤਾਂ ਵਿਚੋਂ ਮੋਟਰਾਂ ਦੀਆਂ ਕੇਬਲ ਤਾਰਾਂ ਚੋਰੀ ਕਰਨ ਅਤੇ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੇ ਆਦੀ ਹਨ, ਜੋ ਅੱਜ ਵੀ ਬਾਹਰਲੀ ਅਨਾਜ ਮੰਡੀ ਨਜ਼ਦੀਕ ਮਾਰੂ ਹਥਿਆਰਾਂ ਸਮੇਤ ਕਿਸੇ ਘਟਨਾ ਨੂੰ ਅੰਜਾਮ ਦੇਣ ਸਬੰਧੀ ਯੋਜਨਾ ਬਣਾ ਰਹੇ ਹਨ। ਅਗਰ ਰੇਡ ਕੀਤੀ ਜਾਵੇ ਤਾਂ ਸਫਲਤਾ ਹੱਥ ਲੱਗ ਸਕਦੀ ਹੈ। ਪੁਲਿਸ ਨੇ ਤੁਰੰਤ ਹਰਕਤ 'ਚ ਆਉਂਦਿਆਂ ਰੇਡ ਕਰਕੇ ਦੋਸ਼ੀਆਂਨ ਨੂੰ ਮਾਰੂ ਹਥਿਆਰਾਂ ਖਪਰਾਂ, ਗੰਡਾਸਾ, ਡੰਡੇ ਅਤੇ ਚੋਰੀ ਕੀਤੀਆਂ ਮੋਟਰਾਂ ਦੀਆਂ ਕੇਬਲ ਤਾਰਾਂ ਤੇ ਤਾਂਬੇ ਸਣੇ ਕਾਬੂ ਕੀਤਾ। ਡੀ.ਐਸ.ਪੀ ਨੇ ਇਹ ਵੀ ਦੱਸਿਆ ਕਿ ਇਹ ਦੋਸ਼ੀ ਨਸ਼ੇ ਦੀ ਪੂਰਤੀ ਲਈ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ, ਜੋ ਇਲਾਕੇ ਅੰਦਰ ਕਾਫੀ ਸਰਗਰਮ ਸਨ, ਜਿਨਾਂ ਕਾਰਨ ਕਿਸਾਨਾਂ ਦੀ ਰਾਤਾਂ ਦੀ ਨੀਂਦ ਹਰਾਮ ਹੋਈ ਪਈ ਸੀ ਨੂੰ ਪੁਲਿਸ ਨੇ ਕਾਬੂ ਕਰਕੇ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਇੰਨਾ ਫੜੇ ਗਏ ਗਰੋਹ ਦੇ ਮੈਂਬਰਾਂ ਵਿਚੋਂ ਗੁਰਪ੍ਰੀਤ ਸਿੰਘ ਗੁਰੀ ਅਤੇ ਨੈਬ ਸਿੰਘ ਤੇ ਪਹਿਲਾਂ ਵੀ ਇੱਕ ਇੱਕ ਮਾਮਲਾ ਦਰਜ ਹੈ।ਪੁਲਿਸ ਨੇ ਦੋਸ਼ੀਆਨ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ, ਜਿਨਾਂ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਸਿਟੀ ਇੰਚਾਰਜ ਬਲਜੀਤ ਸਿੰਘ ਢਿੱਲੋਂ,ਸਹਾਇਕ ਥਾਣੇਦਾਰ ਮਲਕੀਤ ਸਿੰਘ ਰੀਡਰ ਡੀ.ਐਸ.ਪੀ ਤਪਾ,ਮੁੱਖ ਮੁਨਸ਼ੀ ਦਵਿੰਦਰ ਸਿੰਘ, ਹੌਲਦਾਰ ਗੁਰਮੀਤ ਸਿੰਘ, ਹੌਲਦਾਰ ਰਮਨਦੀਪ ਸਿੰਘ, ਹੌਲਦਾਰ ਜਗਦੀਪ ਸਿੰਘ, ਸਿਪਾਹੀ ਕਰਮਜੀਤ ਸਿੰਘ ਆਦਿ ਪੁਲਿਸ ਮੁਲਾਜ਼ਮ ਮੌਜੂਦ ਸਨ।