-ਜ਼ਿਲ੍ਹੇ 'ਚ ਪਾਣੀ ਦੀ ਸੰਭਾਲ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਲਿਆ ਜਾਇਜ਼ਾ
ਬਰਨਾਲਾ, 28 ਜੂਨ (ਧਰਮਪਾਲ ਸਿੰਘ, ਬਲਜੀਤ ਕੌਰ): ਜਲ ਸ਼ਕਤੀ ਅਭਿਆਨ-ਕੈਚ ਦਿ ਰੇਨ ਤਹਿਤ ਦੋ ਮੈਂਬਰੀ ਕੇਂਦਰੀ ਟੀਮ ਵਲੋਂ ਅੱਜ ਜ਼ਿਲ੍ਹਾ ਬਰਨਾਲਾ ਦਾ ਦੌਰਾ ਕਰਕੇ ਪਾਣੀ ਦੀ ਸੰਭਾਲ ਲਈ ਕੀਤੇ ਜਾ ਰਹੇ ਯਤਨਾਂ ਦਾ ਜਾਇਜ਼ਾ ਲਿਆ ਗਿਆ। ਕੇਂਦਰੀ ਟੀਮ ਵਿਚ ਸਾਗਰ ਸਿੰਘ ਕਲਸੀ ਆਈ ਪੀ ਐੱਸ, ਡਾਇਰੈਕਟਰ ਪੈਟਰੋਲੀਅਮ ਅਤੇ ਨੈਚੂਰਲ ਗੈਸ ਅਤੇ ਸ੍ਰੀ ਅਨੂਪ ਰਾਜ, ਅਸਿਸਟੈਂਟ ਡਾਇਰੈਕਟਰ (ਕੇਂਦਰੀ ਜਲ ਕਮਿਸ਼ਨ) ਸ਼ਾਮਲ ਸਨ, ਜਿਨ੍ਹਾਂ ਵਲੋਂ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਸਮੇਤ ਵੱਖ ਵੱਖ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਪਿੰਡਾਂ ਦਾ ਦੌਰਾ ਵੀ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਸਤਵੰਤ ਸਿੰਘ ਵਲੋਂ ਜ਼ਿਲ੍ਹਾ ਬਰਨਾਲਾ ਵਿੱਚ ਪਾਣੀ ਦੀ ਸੰਭਾਲ ਲਈ ਕੀਤੇ ਗਏ ਉਪਰਾਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਪਾਣੀ ਸੰਭਾਲ ਲਈ ਵੱਖ ਵੱਖ ਪਿੰਡਾਂ ਵਿਚ ਜਿਥੇ ਥਾਪਰ ਮਾਡਲ ਬਣਾਏ ਗਏ ਹਨ, ਓਥੇ ਸਕੂਲਾਂ ਵਿਚ ਮੀਂਹ ਦੇ ਪਾਣੀ ਰੀਚਾਰਜ ਕਰਨ ਲਈ ਪਿਟਸ ਬਣਾਏ ਗਏ ਹਨ। ਓਨ੍ਹਾਂ ਦੱਸਿਆ ਕਿ ਆਗਾਮੀ ਮੌਨਸੂਨ ਦੇ ਸੀਜ਼ਨ ਦੇ ਮੱਦੇਨਜ਼ਰ ਡਰੇਨਾਂ ਅਤੇ ਛੱਪੜਾਂ ਦੀ ਸਫ਼ਾਈ ਦਾ ਕੰਮ ਚੱਲ ਰਿਹਾ ਹੈ।ਓਨ੍ਹਾਂ ਦੱਸਿਆ ਕਿ ਕੈਚ ਦਿ ਰੇਨ ਪ੍ਰੋਜੈਕਟ ਤਹਿਤ ਮੌਜੂਦਾ ਸਾਲ ਦੌਰਾਨ ਜ਼ਿਲ੍ਹੇ ਵਿੱਚ 219 ਛੱਪੜਾਂ ਦੇ ਪਾਣੀ ਨੂੰ ਕੱਢ ਕੇ ਸੁਕਾਇਆ ਗਿਆ (ਡੀਵਾਟਰਿੰਗ) ਹੈ, 67 ਦੀ ਡੀਸਿਲਟਿੰਗ (ਗਾਰ ਕੱਢ ਕੇ ਸਫਾਈ) ਕੀਤੀ ਗਈ ਹੈ ਤੇ 41 ਥਾਪਰ ਮਾਡਲ ਬਣਾਏ ਗਏ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਰੀਬ 1.95 ਲੱਖ ਪੌਦੇ ਲਾਏ ਗਏ ਹਨ ਅਤੇ ਇਸ ਮੌਨਸੂਨ ਸੀਜ਼ਨ ਦੌਰਾਨ ਹੋਰ ਵੀ ਪੌਦੇ ਲਾਏ ਜਾਣਗੇ।
ਕੇਂਦਰੀ ਟੀਮ ਵਲੋਂ ਜਿਨ੍ਹਾਂ ਪਿੰਡਾਂ ਵਿਚ 1 ਏਕੜ ਤੋਂ 4 ਏਕੜ ਜ਼ਮੀਨ ਹੈ, ਓਨ੍ਹਾਂ ਪਿੰਡਾਂ ਵਿਚ ਪੌਦੇ ਲਾਉਣ ਉੱਤੇ ਜ਼ੋਰ ਦਿੱਤਾ ਗਿਆ ਜਿਸ 'ਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਜਿਹੇ ਪਿੰਡਾਂ ਵਿਚ ਬਾਗ਼ਬਾਨੀ ਵਿਭਾਗ ਦੇ ਸਹਿਯੋਗ ਨਾਲ ਫ਼ਲਦਾਰ ਬੂਟੇ ਲਾਉਣ ਦੀ ਯੋਜਨਾ ਹੈ ਤਾਂ ਜੋ ਪੰਚਾਇਤਾਂ ਨੂੰ ਆਮਦਨ ਵੀ ਹੋ ਸਕੇ। ਓਨ੍ਹਾਂ ਕਿਹਾ ਕਿ ਇਹ ਪੌਦੇ ਪਿੰਡ ਵਾਸੀਆਂ/ ਪੰਚਾਇਤਾਂ ਰਾਹੀਂ ਲਗਵਾਏ ਜਾਣਗੇ ਤਾਂ ਜੋ ਉਹ ਇਨ੍ਹਾਂ ਪੌਦਿਆਂ ਦੀ ਸੰਭਾਲ ਵੀ ਕਰਨ। ਇਸ ਮੌਕੇ ਡਾਇਰੈਕਟਰ ਸ੍ਰੀ ਕਲਸੀ ਵਲੋਂ ਮੌਨਸੂਨ ਦੀ ਤਿਆਰੀ ਸਬੰਧੀ ਜਾਇਜ਼ਾ ਲਿਆ ਗਿਆ ਅਤੇ ਪ੍ਰਬੰਧਾਂ 'ਤੇ ਤਸੱਲੀ ਪ੍ਰਗਟਾਈ। ਇਸ ਮਗਰੋਂ ਟੀਮ ਵਲੋਂ ਪਿੰਡ ਧੌਲਾ ਵਿਚ ਕਿਸਾਨ ਭੋਲਾ ਸਿੰਘ ਦੇ ਖੇਤ ਦਾ ਦੌਰਾ ਕੀਤਾ ਗਿਆ ਜਿੱਥੇ ਖੇਤ ਵਿਚ ਅੰਡਰਗਰਾਊਂਡ ਪਾਇਪਲਾਈਨ ਪਾਈ ਹੋਈ ਹੈ, ਜਿਸ ਨਾਲ ਪਾਣੀ ਦੀ ਬੱਚਤ ਹੁੰਦੀ ਹੈ। ਟੀਮ ਵਲੋਂ ਰੂੜੇਕੇ ਖੁਰਦ, ਕੁਤਬਾ, ਅਮਲਾ ਸਿੰਘ ਵਿਚ ਥਾਪਰ ਮਾਡਲ, ਪਿੰਡ ਵਜੀਦਕੇ ਖੁਰਦ ਵਿਚ ਜੰਗਲਾਤ ਵਿਭਾਗ ਦੀ ਨਰਸਰੀ, ਪਿੰਡ ਛਾਪਾ ਵਿਚ ਰੀਚਾਰਜ ਪ੍ਰੋਜੈਕਟਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ ਗਿਆ ਅਤੇ ਪਾਣੀ ਸੰਭਾਲ ਲਈ ਕੀਤੇ ਜਾ ਰਹੇ ਉਪਰਾਲਿਆਂ ਉੱਤੇ ਤਸੱਲੀ ਪ੍ਰਗਟਾਈ।ਇਸ ਮੌਕੇ ਸਹਾਇਕ ਕਮਿਸ਼ਨਰ (ਅੰਡਰ ਟ੍ਰੇਨਿੰਗ) ਸ੍ਰੀ ਸਿਵਾਂਸ਼ ਰਾਠੀ, ਐਕਸੀਅਨ ਜਲ ਸਪਲਾਈ ਅਤੇ ਸੈਨੀਟੇਸ਼ਨ ਸ੍ਰੀ ਚਮਕ ਸਿੰਗਲਾ, ਐਕਸੀਅਨ ਪੀ ਡਬਲਿਊ ਡੀ ਦਵਿੰਦਰਪਾਲ ਸਿੰਘ, ਨੋਡਲ ਅਫ਼ਸਰ ਜਲ ਸ਼ਕਤੀ ਅਭਿਆਨ ਗੁਰਪਾਲ ਸਿੰਘ ਅਤੇ ਹੋਰ ਅਧਿਕਾਰੀ/ ਕਰਮਚਾਰੀ ਹਾਜ਼ਰ ਸਨ।