ਸ਼ਨੀਵਾਰ ਨੂੰ ਅੰਮ੍ਰਿਤਸਰ ‘ਚ ਥਾਣਾ ਮੇਹਤਾ ਅਧੀਨ ਪਿੰਡ ਚੰਨਣਕੇ ‘ਚ ਦਿਨ-ਦਿਹਾੜੇ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਹਮਲਾਵਰਾਂ ਨੇ ਸਰੇਆਮ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ, ਜੋ ਨੇੜੇ ਲੱਗੇ ਇੱਕ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਿਆ। ਤਿੰਨ ਅਣਪਛਾਤੇ ਨੌਜਵਾਨ ਮੋਟਰਸਾਈਕਲ ‘ਤੇ ਸਵਾਰ ਹੋ ਕੇ ਚੰਨੰਣਕੇ ਪਿੰਡ ਪਹੁੰਚੇ ਤੇ ਜੁਗਰਾਜ ਸਿੰਘ (28) ‘ਤੇ ਗੋਲੀਆਂ ਚਲਾ ਦਿੱਤੀਆਂ। ਸੀਸੀਟੀਵੀ ਕੈਮਰੇ ‘ਚ ਦੇਖਿਆ ਗਿਆ ਕਿ ਹਮਲਾਵਰ ਕਾਫ਼ੀ ਨੇੜੇ ਤੋਂ ਫਾਇਰਿੰਗ ਕਰ ਰਹੇ ਸਨ। ਜੁਗਰਾਜ ਨੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰਾਂ ਨੇ ਕਈ ਵਾਰ ਫਾਇਰਿੰਗ ਕੀਤੀ, ਜਿਸ ਨਾਲ ਜੁਗਰਾਜ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਥਾਣਾ ਮੇਹਤਾ ਪੁਲਿਸ ਮੌਕੇ ‘ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ‘ਚ ਮਾਮਲਾ ਆਪਸੀ ਰੰਜ਼ਿਸ ਦਾ ਲੱਗ ਰਿਹਾ ਹੈ। ਸੀਸੀਟੀਵੀ ਫੂਟੇਜ ਦੇ ਆਧਾਰ ‘ਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਇਸ ਮਾਮਲੇ ‘ਚ ਜਲਦੀ ਹੀ ਪ੍ਰੈੱਸ ਕੰਨਫਰੈਂਸ ਕਰ ਸਕਦੀ ਹੈ।
ਮ੍ਰਿਤਕ ਜੁਗਰਾਜ ਸਿੰਘ ਜਗਰੂਪ ਰੂਪਾ ਦਾ ਭਰਾ ਦੱਸਿਆ ਜਾ ਰਿਹਾ ਹੈ। ਜਗਰੂਪ ਰੂਪਾ ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਸ਼ਾਮਲ ਸੀ। ਜਗਰੂਪ ਪੁਲਿਸ ਐਨਕਾਊਂਟਰ ‘ਚ ਮਾਰਿਆ ਗਿਆ ਸੀ।
ਉੱਥੇ ਹੀ ਹੁਣ ਜੁਗਰਾਜ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਨੇ ਲਈ ਹੈ। ਗੈਂਗਸਟਰ ਡੋਨੀ ਬੱਲ ਨੇ ਇੱਕ ਪੋਸਟ ਪਾ ਕੇ ਜੁਗਰਾਜ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਗੈਂਗਸਟਰ ਡੋਨੀ ਬੱਲ ਨੇ ਪੋਸਟ ‘ਚ ਲਿਖਿਆ ਹੈ ਕਿ ਗੋਰਾ ਬਰਿਆਰ ਕਤਲਕਾਂਡ ‘ਚ ਜੁਗਰਾਜ ਸ਼ਾਮਲ ਸੀ। ਜੁਗਰਾਜ ਨੇ ਗੋਰਾ ਬਰਿਆਰ ਦੀ ਰੇਕੀ ਕਰਵਾਈ ਸੀ। ਟੀਵੀ9 ਪੰਜਾਬੀ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੈ।