-12 ਅਗਸਤ 2025 ਦਾਣਾ ਮੰਡੀ ਮਹਿਲਕਲਾਂ ਕਾਫ਼ਲੇ ਬੰਨ੍ਹ ਕੇ ਪੁੱਜੋ: ਆਗੂ
ਬਰਨਾਲਾ 14 ਜੁਲਾਈ (ਧਰਮਪਾਲ ਸਿੰਘ): ਔਰਤ ਮੁਕਤੀ ਦਾ ਪ੍ਰਤੀਕ ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਦੇ ਹਰ ਸਾਲ 12 ਅਗਸਤ ਨੂੰ ਮਨਾਏ ਜਾਣ ਵਾਲੇ ਬਰਸੀ ਸਮਾਗਮ ਦੀਆਂ ਤਿਆਰੀਆਂ ਯਾਦਗਾਰੀ ਕਮੇਟੀ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਯਾਦਗਾਰ ਕਮੇਟੀ ਦੇ ਬੁਲਾਰੇ ਨਰਾਇਣ ਦੱਤ ਨੇ ਦੱਸਿਆ ਕਿ ਸ਼ਹੀਦ ਬੀਬੀ ਕਿਰਨਜੀਤ ਕੌਰ ਦੇ 28ਵੇਂ ਬਰਸੀ ਸਮਾਗਮ ਦੀਆਂ ਤਿਆਰੀਆਂ ਵਜੋਂ ਮੀਟਿੰਗ ਯਾਦਗਾਰ ਕਮੇਟੀ ਦੇ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ ਦੀ ਪ੍ਰਧਾਨਗੀ ਹੇਠ ਗੁਰੂਦਵਾਰਾ ਬਾਬਾ ਕਾਲਾ ਮਹਿਰ ਬਰਨਾਲਾ ਵਿਖੇ ਹੋਈ। ਇਸ ਮੀਟਿੰਗ ਵਿੱਚ ਗੰਭੀਰ ਵਿਚਾਰ ਚਰਚਾ ਕਰਨ ਤੋਂ ਬਾਅਦ ਇਸ ਵਾਰ ਦਾ ਬਰਸੀ ਸਮਾਗਮ ਇਤਿਹਾਸ ਦੇ ਸੂਹੇ ਪੰਨੇ 'ਗ਼ਦਰੀ ਗੁਲਾਬ ਕੌਰ ਦੀ ਸ਼ਤਾਬਦੀ' ਨੂੰ ਸਮਰਪਿਤ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਬਾਰੇ ਗੱਲਬਾਤ ਸਾਂਝੀ ਕਰਦਿਆਂ ਯਾਦਗਾਰ ਕਮੇਟੀ ਦੇ ਆਗੂਆਂ ਮਨਜੀਤ ਧਨੇਰ, ਪ੍ਰੇਮ ਕੁਮਾਰ, ਜਰਨੈਲ ਸਿੰਘ, ਗੁਰਦੇਵ ਸਿੰਘ ਮਾਂਗੇਵਾਲ, ਜਗਰਾਜ ਸਿੰਘ ਹਰਦਾਸਪੁਰਾ ਨੇ ਦੱਸਿਆ ਕਿ ਐਕਸ਼ਨ ਕਮੇਟੀ ਮਹਿਲਕਲਾਂ ਦੀ ਅਗਵਾਈ ਹੇਠ ਲੜੇ ਗਏ ਵਿਸ਼ਾਲ ਸਾਂਝੇ ਲੋਕ ਘੋਲ ਦੀ ਬਦੌਲਤ ਹੀ ਦਹਾਕਿਆਂ ਬੱਧੀ ਸਮੇਂ ਤੋਂ ਉੱਸਰੇ ਗੁੰਡਾ-ਪੁਲਿਸ-ਸਿਆਸੀ ਗੱਠਜੋੜ ਨੂੰ 'ਜਬਰ ਖਿਲਾਫ਼ ਲੋਕ ਟਾਕਰੇ' ਦੀ ਮਿਸਾਲ ਰਾਹੀਂ ਹਰ ਚੁਣੌਤੀ ਦਾ ਸਾਹਮਣਾ ਕਰਦਿਆਂ ਇਨਸਾਫ਼ ਹਾਸਲ ਕੀਤਾ ਗਿਆ ਸੀ। ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਅਤੇ ਦੋਸ਼ੀਆਂ ਦੀ ਪਿੱਠ ਪੂਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਨੌਕਰੀ ਤੋਂ ਬਰਖਾਸਤਗੀ ਅਤੇ ਗੁੰਡਾ ਟੋਲੇ ਦੀ ਸਿਆਸੀ ਢਾਲ ਬਣੇ ਸਿਆਸਤਦਾਨਾਂ ਨੂੰ ਲੋਕ ਸੱਥਾਂ ਵਿੱਚ ਬੇਪਰਦ ਕੀਤਾ ਗਿਆ ਸੀ। ਅੱਜ ਵੀ ਔਰਤ ਵਰਗ ਨੂੰ ਜ਼ਬਰ ਦੀਆਂ ਵਡੇਰੀਆਂ ਢਾਂਚਾਗਤ ਚੁਣੌਤੀਆਂ ਦਰਪੇਸ਼ ਹਨ। ਸ਼ਹੀਦ ਕਿਰਨਜੀਤ ਕੌਰ ਦੀ ਸ਼ਹਾਦਤ ਔਰਤ ਮੁਕਤੀ ਸੰਗਰਾਮ ਲਈ ਪ੍ਰੇਰਨਾ ਸਰੋਤ ਹੈ। ਹਰ ਸਾਲ 12 ਅਗਸਤ ਨੂੰ ਦਾਣਾ ਮੰਡੀ ਮਹਿਲਕਲਾਂ ਵਿਖੇ ਮਨਾਏ ਜਾਣ ਵਾਲੇ ਬਰਸੀ ਸਮਾਗਮ ਦੀਆਂ ਤਿਆਰੀਆਂ, ਮੌਜੂਦਾ ਹਾਲਤਾਂ ਵਿੱਚ ਦਰਪੇਸ਼ ਵੰਗਾਰਾਂ, ਇਤਿਹਾਸ ਦੇ ਸੂਹੇ ਪੰਨਿਆਂ ਨੂੰ ਲੋਕ ਮਨਾਂ ਦਾ ਹਿੱਸਾ ਬਨਾਉਣ ਦੇ ਸੁਚੇਤ ਯਤਨ ਅਤੇ ਲੋਕ ਟਾਕਰੇ ਦੀ ਉਸਾਰੀ ਲਹਿਰ ਨੂੰ ਹੋਰ ਉਚੇਰੇ ਪੱਧਰ 'ਤੇ ਲੈਕੇ ਜਾਣ ਸਬੰਧੀ ਵੀ ਗੰਭੀਰ ਵਿਚਾਰ ਚਰਚਾ ਕੀਤੀ ਗਈ। 28 ਸਾਲ ਦੇ ਲੰਬੇ ਅਰਸੇ ਦੌਰਾਨ ਲੋਕ ਘੋਲ ਦੇ 5 ਸਾਥੀਆਂ(ਮਾ. ਮੋਹਣ ਸਿੰਘ,ਮਾ. ਭਗਵੰਤ ਸਿੰਘ, ਡਾ. ਕੁਲਵੰਤ ਰਾਏ ਪੰਡੋਰੀ, ਕਾ. ਪ੍ਰੀਤਮ ਦਰਦੀ ਅਤੇ ਮਾ. ਗੁਰਦੇਵ ਸਿੰਘ ਸਹਿਜੜਾ)ਦੇ ਬੇਵਕਤੀ ਵਿਛੋੜੇ ਵਜੋਂ ਵਡੇਰਾ ਘਾਟਾ ਬਰਦਾਸ਼ਤ ਕਰਨਾ ਪਿਆ ਹੈ। ਇਸ ਸਮੇਂ ਗੁਰਮੇਲ ਸਿੰਘ ਠੁੱਲੀਵਾਲ, ਨਿਰਮਲ ਸਿੰਘ ਚੁਹਾਣਕੇ, ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ ਅਤੇ ਡਾ ਅਮਰਜੀਤ ਸਿੰਘ ਕਾਲਸਾਂ ਨੇ ਮੌਜੂਦਾ ਹਾਲਤਾਂ ਦੀ ਚਰਚਾ ਕਰਦਿਆਂ ਕਿਹਾ ਕਿ ਮੋਦੀ ਹਕੂਮਤ ਕਾਰਪੋਰੇਟ ਘਰਾਣਿਆਂ ਨੂੰ ਅੰਨ੍ਹੇ ਮੁਨਾਫ਼ੇ ਬਖਸ਼ਣ ਦੀ ਨੀਤੀ ਤਹਿਤ ਜਲ ਜੰਗਲ਼ ਅਤੇ ਜ਼ਮੀਨ ਸਮੇਤ ਸੱਭੇ ਕੁਦਰਤੀ ਮਾਲ ਖ਼ਜ਼ਾਨੇ ਕੌਡੀਆਂ ਦੇ ਭਾਅ ਲੁਟਾਉਣ ਲਈ ਤਹੂ ਹਨ। ਵਾਤਾਵਰਣਕ ਤਬਦੀਲੀਆਂ ਵਡੇਰੇ ਸੰਕਟ ਨੂੰ ਜਨਮ ਦੇ ਰਹੀਆਂ ਹਨ। ਆਰ ਐਸ ਐਸ ਦੀ ਹਿੰਦੂ ਵਾਦੀ ਵਿਚਾਰਧਾਰਾ ਜ਼ਬਰੀ ਥੋਪਣ ਤਹਿਤ ਘੱਟ ਗਿਣਤੀ ਮੁਸਲਿਮ ਭਾਈਚਾਰੇ, ਬੁਧੀਜੀਵੀਆਂ, ਆਦਿਵਾਸੀਆਂ, ਸੰਘਰਸ਼ਸ਼ੀਲ ਜਥੇਬੰਦੀਆਂ ਖਿਲਾਫ਼ ਫ਼ਿਰਕੂ ਫਾਸ਼ੀ ਹੱਲਾ ਤੇਜ਼ ਕੀਤਾ ਹੋਇਆ ਹੈ।ਭਗਵੰਤ ਮਾਨ ਸਰਕਾਰ ਨੇ ਵੀ ਸਾਰੇ ਸੰਘਰਸ਼ਸ਼ੀਲ ਤਬਕਿਆਂ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਬੇਰੁਜ਼ਗਾਰਾਂ, ਔਰਤਾਂ ਖਿਲਾਫ਼ ਜ਼ਬਰ ਦਾ ਹੱਲਾ ਤੇਜ਼ ਕੀਤਾ ਹੋਇਆ ਹੈ। ਔਰਤਾਂ ਨੂੰ ਪਹਿਲਾਂ ਨਾਲੋਂ ਵਧੇਰੇ ਤਿੱਖੇ ਜ਼ਬਰ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਵਾਰ ਦੇ ਬਰਸੀ ਸਮਾਗਮ ਦੇ ਮੁੱਖ ਔਰਤ ਬੁਲਾਰੇ ਵਜੋਂ ਪ੍ਰਸਿੱਧ ਚਿੰਤਕ,ਲੇਖਿਕਾ ਕਵਿਤਾ ਕ੍ਰਿਸ਼ਨਨ ਅਤੇ ਜਮਹੂਰੀ ਅਧਿਕਾਰ ਦੀ ਸੂਬਾ ਆਗੂ ਅਮਨਦੀਪ ਕੌਰ ਵਕੀਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਹੋਣਗੇ। ਬਰਸੀ ਸਮਾਗਮ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਲਈ ਯਾਦਗਾਰ ਕਮੇਟੀ ਵੱਲੋਂ ਮੀਟਿੰਗ 19 ਜੁਲਾਈ ਨੂੰ ਬਾਅਦ ਦੁਪਹਿਰ 2.30 ਵਜੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਮਹਿਲਕਲਾਂ ਵਿਖੇ ਰੱਖੀ ਗਈ ਮੀਟਿੰਗ ਵਿੱਚ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਹੈ। ਯਾਦਗਾਰ ਕਮੇਟੀ ਮਹਿਲਕਲਾਂ ਨੇ ਇਸ ਲੋਕ ਘੋਲ ਦੀ ਢਾਲ ਅਤੇ ਤਲਵਾਰ ਬਣੀਆਂ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਅਤੇ ਹੋਰਨਾਂ ਦੇਸ ਵਿਦੇਸ਼ 'ਚ ਬੈਠੇ ਸਹਿਯੋਗੀਆਂ ਨੂੰ ਬਰਸੀ ਸਮਾਗਮ ਸਫ਼ਲ ਬਣਾਉਣ ਲਈ ਤਿਆਰੀਆਂ ਵਿੱਚ ਜੁੱਟ ਜਾਣ ਦੀ ਅਪੀਲ ਕੀਤੀ ਹੈ।