ਅੱਜਕਲ੍ਹ ਦਲਜੀਤ ਦੋਸਾਂਝ ਆਪਣੀ ਫਿਲਮ ਸਰਦਾਰ ਜੀ -3 ਲਈ ਦੁਨੀਆ ਭਰ ਵਿੱਚ ਅਖ਼ਬਾਰਾਂ ਅਤੇ ਸੋਸ਼ਲ ਮੀਡੀਏ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉਹ ਇਸ ਲਈ ਕਿ ਉਸ ਦੀ ਇਹ ਰਿਲੀਜ਼ ਹੋ ਰਹੀ ਫਿਲਮ ਸਹਿ ਅਦਾਕਾਰਾ ਪਾਕਿਸਤਾਨ ਮੂਲ ਦੀ ਹਾਨੀਆ ਆਮਿਰ ਨਾਲ ਹੈ । ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਖਰਾਬ ਹੋਣ ਤੋਂ ਪਹਿਲਾਂ ਦੀ ਬਣਨ ਲੱਗੀ ਇਹ ਫਿਲਮ ਬੜੇ ਗਰਮ ਦੌਰ ਵਿੱਚ ਗੁਜ਼ਰਦਿਆਂ ਰਿਲੀਜ਼ ਹੋਣ ਲਈ ਤਿਆਰ ਹੋਈ ਹੈ। ਪਰ ਫਾਸ਼ੀਵਾਦ ਕੱਟੜਪੰਥੀ ਲੋਕ ਸਿਰਫ਼ ਪਾਕਿਸਤਾਨ ਮੂਲ ਦੀ ਐਕਟਰੈੱਸ ਹੋਣ ਕਰਕੇ ਉਸਦਾ ਪੂਰਾ ਵਿਰੋਧ ਕਰ ਰਹੇ ਹਨ। ਇਸ ਵਿਰੋਧ ਕਰਕੇ ਇਹ ਭਾਰਤ ਵਿਚ ਰਿਲੀਜ਼ ਨਹੀਂ ਹੋ ਸਕੀ ਪਰ ਭਾਰਤ ਤੋਂ ਬਾਹਰ 27 ਜੂਨ ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋ ਗਈ ਹੈ ਅਤੇ ਬਹੁਤ ਵਧੀਆ ਕਮਾਈ ਕਰਨ ਵਿੱਚ ਕਾਮਯਾਬ ਹੋ ਰਹੀ ਹੈ। ਇਸ ਫਿਲਮ ਨੂੰ ਭਾਰਤੀ ਸੈਂਸਰ ਬੋਰਡ ਵੀ ਭਾਰਤ ਤੋਂ ਬਾਹਰ ਰਿਲੀਜ਼ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਭਾਰਤ ਵਿੱਚ ਪਨਪ ਰਿਹਾ ਫਾਸ਼ੀਵਾਦ ਦਾ ਵਰਤਾਰਾ ਅਤਿ ਨਿੰਦਣਯੋਗ ਕਿਹਾ ਜਾ ਸਕਦਾ ਹੈ। ਜਿਸ ਮੁਕਾਮ ਤੇ ਅਸੀਂ ਦੁਨੀਆ ਨੂੰ ਵੇਖ ਰਹੇ ਹਾਂ, ਅਸੀਂ ਭਾਰਤੀ ਲੋਕ ਉਸ ਤੋਂ ਬਹੁਤ ਪਿਛੜੇ ਹੋਏ ਵਿਚਾਰਾਂ ਦੇ ਧਾਰਨੀ ਸਿੱਧ ਹੋ ਰਹੇ ਹਾਂ। ਕਿਉਂਕਿ ਕਲਾ ਦਾ ਕੋਈ ਧਰਮ ਨਹੀਂ ਹੁੰਦਾ, ਕਲਾ ਦੀ ਕੋਈ ਜਾਤ ਨਹੀਂ ਹੁੰਦੀ, ਕਲਾ ਦਾ ਕੋਈ ਰੰਗ ਨਹੀਂ ਹੁੰਦਾ, ਕਲਾ ਦਾ ਕੋਈ ਦੇਸ਼ ਨਹੀਂ ਹੁੰਦਾ, ਇਹ ਕਲਾਕਾਰ ਤਾਂ ਸੰਵੇਦਨਾਵਾਂ ਦੇ ਅਥਾਹ ਸਮੁੰਦਰ ਹੁੰਦੇ ਹਨ । ਇਸ ਮਾਮਲੇ ਨੂੰ ਵੇਖਿਆ ਜਾਵੇ ਤਾਂ ਵਿਦਵਾਨ ਮੱਤ ਅਨੁਸਾਰ ਹਾਨੀਆ ਆਮਿਰ ਨੂੰ ਫਿਲਮ ਵਿੱਚ ਲਿਆਉਣ ਲਈ ਡਾਇਰੈਕਟਰ ਜਾਂ ਪ੍ਰੋਡਿਊਸਰ ਦੀ ਜ਼ਿੰਮੇਵਾਰੀ ਹੁੰਦੀ ਹੈ।
ਪਰ ਪੂਰਾ ਨਫ਼ਰਤੀ ਚੌਣਾ ਅਤੇ ਕੁੱਝ ਜ਼ਿੰਮੇਵਾਰ ਫ਼ਿਲਮੀ ਕਲਾਕਾਰ ਜਿਵੇਂ ਸੁਨੀਲ ਸ਼ੈੱਟੀ ਅਤੇ ਮੀਕਾ ਆਦਿ ਇਸ ਦਾ ਖੁੱਲ੍ਹ ਕੇ ਵਿਰੋਧ ਕਰ ਰਹੇ ਹਨ। ਇੱਥੋਂ ਤੱਕ ਕਿ ਦਿਲਜੀਤ ਦੋਸਾਂਝ ਨੂੰ ਜੇ ਪੀ ਦੱਤਾ ਵੱਲੋਂ ਬਣਾਈ ਜਾ ਰਹੀ ਬਾਰਡਰ -2 ਵਿਚੋਂ ਬਾਹਰ ਕੱਢਣ ਲਈ ਜ਼ੋਰ ਪਾਇਆ ਜਾ ਰਿਹਾ ਹੈ। ਪਰ ਦਲਜੀਤ ਦੋਸਾਂਝ ਹਾਲੀਵੁੱਡ ਤੱਕ ਪਹੁੰਚ ਰੱਖਦਾ ਹੈ ਉਸਨੂੰ ਬਾਲੀਵੁੱਡ ਦੀ ਕੋਈ ਜ਼ਰੂਰਤ ਮਹਿਸੂਸ ਨਹੀਂ ਹੋ ਰਹੀ, ਇੱਕ ਵੀਡੀਓ ਤੇ ਉਹ ਆਪਣੇ ਵਿਚਾਰ ਰੱਖ ਰਿਹਾ ਹੈ।
ਇਹ ਜ਼ਹਿਰੀਲੇ ਲੋਕ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਪਤਾ ਨਹੀਂ ਕਿਉਂ ਏਨਾ ਸਾੜਾ ਰੱਖੀ ਬੈਠੇ ਹਨ । ਉਹ ਦਲਜੀਤ ਨੂੰ ਗਦਾਰੀ ਦੇ ਸਰਟੀਫਿਕੇਟ ਵੰਡ ਰਹੇ ਹਨ । ਕਿਉਂਕਿ ਇੱਕ ਰੰਗ ਰੰਗੀ ਸਰਕਾਰ ਲਈ ਗਦਾਰਾਂ ਨੂੰ ਦੇਸ ਭਗਤ ਬਣਾਉਣ ਦਾ ਰੁਝਾਨ ਜੋ ਪੈਦਾ ਕੀਤਾ ਹੋਇਆ ਹੈ। ਭਾਰਤੀ ਮੀਡੀਏ ਦੇ ਰਿਮੋਟ ਦੁਨੀਆ ਭਰ ਵਿੱਚ ਪ੍ਰਸਿੱਧ ਪੰਜਾਬੀ ਕਲਾਕਾਰ ਦਾ ਵਿਰੋਧ ਕਰਕੇ ਉਸਦਾ ਨਹੀਂ ਸਗੋਂ ਆਪਣੇ ਦੇਸ਼ ਦਾ ਜਲੂਸ ਕੱਢ ਰਹੇ ਹਨ। ਕੀ ਵਿਸ਼ਵ ਗੁਰੂ ਕਹਾਉਣ ਵਾਲੇ ਦੇਸ਼ ਦੇ ਲੋਕ ਏਨੀ ਸੌੜੀ ਰਾਜਨੀਤੀ ਕਰਨਗੇ ? ਕਦੇ ਸੰਵੇਦਨਸ਼ੀਲ ਭਾਰਤੀਆਂ ਨੇ ਸੋਚਿਆ ਤੱਕ ਨਹੀਂ ਸੀ। ਇਹ ਜੋ ਨਫ਼ਰਤ ਦੇ ਵਣਜਾਰੇ ਹਨ , ਇਹਨਾਂ ਦਾ ਕੰਮ ਚੜਦੇ ਸੂਰਜ ਨੂੰ ਧੁੰਦਲਾ ਕਰਨਾ ਹੁੰਦਾ ਹੈ। ਉਸਦੀ ਕਲਾ ਵਿਚੋਂ ਘਾਟਾਂ ਲੱਭਣੀਆਂ ਹੁੰਦੀਆਂ ਹਨ । ਪਿੱਛੇ ਜਿਹੇ ਮੀਕਾ ਕਹਿੰਦਾ ਮੈਂ ਤਾਂ ਦਲਜੀਤ ਦੋਸਾਂਝ ਨੂੰ ਗਾਇਕ ਹੀ ਨਹੀਂ ਮੰਨਦਾ। ਭਾਰਤੀਓ ਜਿੱਥੇ ਹਨੇਰੇ ਦਾ ਮੂੰਹ ਕਾਲਾ ਕਰਨ ਦੀ ਲੋੜ ਨਹੀਂ ਹੁੰਦੀ ਉਥੇ ਦਲਜੀਤ ਵਰਗੇ ਚੜਦੇ ਸੂਰਜ ਤੇ ਤੁਹਾਡੀ ਕਾਲਖ਼ ਦਾ ਕੋਈ ਅਸਰ ਨਹੀਂ ਹੋਣਾ। ਉਹ ਦੁਨੀਆ ਭਰ ਦੀ ਮੁਹੱਬਤ ਬਟੋਰਨ ਵਾਲਾ ਗੱਭਰੂ ਤੁਹਾਡੀ ਹੀਣ ਭਾਵਨਾ ਦਾ ਸ਼ਿਕਾਰ ਨਹੀਂ ਹੋ ਸਕਦਾ ।
ਦਲਜੀਤ ਦੋਸਾਂਝ ਇਕ ਪੰਜਾਬੀ ਮੂਲ ਦਾ ਪ੍ਰਸਿੱਧ ਅਦਾਕਾਰ, ਕਲਾਕਾਰ ਅਤੇ ਉਚ ਕੋਟੀ ਦਾ ਗਾਇਕ ਹੈ। ਉਹ ਕਲਾਵਾਂ ਭਰਿਆ ਨੌਜਵਾਨ ਹੈ। ਉਹ ਪੱਗ ਬੰਨ੍ਹ ਕੇ ਅਦਾਕਾਰੀ ਕਰਦਾ ਹੈ, ਪੂਰੀ ਦੁਨੀਆ ਉਸਨੂੰ ਤੱਕਦਿਆਂ ਹੀ ਕਹਿ ਉੱਠਦੀ ਹੈ ' ਪੰਜਾਬੀ ਆ ਗਏ ਉਏ ' । ਬੜੀ ਹੀ ਖੁਸ਼ ਮਿਜਾਜ਼ ਸ਼ਖ਼ਸੀਅਤ ਦਾ ਮਾਲਕ ਹੈ। ਅੱਜ ਦਾ ਪ੍ਰਮੁੱਖ ਅਦਾਕਾਰ ਕਹਿ ਸਕਦੇ ਹਾਂ । ਉਸਨੇ ਆਪਣੇ ਆਪ ਨਾਲ ਪੰਜਾਬ ਅਤੇ ਪੰਜਾਬੀਅਤ ਨੂੰ ਹਮੇਸ਼ਾ ਨਾਲ਼ ਰੱਖਣ ਦੀ ਕੋਸ਼ਿਸ਼ ਕੀਤੀ ਹੈ । ਉਸਦੀ ਕਲਾ ਦਾ ਸਿਤਾਰਾ ਬੁਲੰਦੀਆਂ ਤੇ ਹੈ, ਉਸ ਤੇ ਚਿੱਕੜ ਸੁੱਟਣ ਵਾਲੇ ਵਕਤ ਗੁਜ਼ਰਦਿਆਂ ਖੁਦ ਸ਼ਰਮਸਾਰ ਹੋ ਜਾਣਗੇ। ਉਸਦੇ ਸਮੇਂ ਸਮੇਂ ਤੇ ਆਏ ਬਿਆਨਾਂ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ। ਖੇਤੀ ਕਾਨੂੰਨਾਂ ਦੀ ਜੱਦੋਜਹਿਦ ਸਮੇਂ ਉਸਨੇ ਆਪਣੀ ਹਾਜ਼ਰੀ ਭਰੀ ਅਤੇ ਆਰਥਿਕ ਸਹਾਇਤਾ ਵੀ ਕੀਤੀ । ਪਿੱਛੇ ਜਿਹੇ ਮੈੱਟ ਗਾਲਾ -2025 ਵਿੱਚ ਪੰਜਾਬੀ ਦਿੱਖ ਵਿੱਚ ਦਸਤਾਰ ਨਾਲ ਪੰਜਾਬੀ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਹੈ ।
ਇਸ ਮੁਸ਼ਕਲ ਭਰੇ ਦੌਰ ਵਿੱਚ ਦਲਜੀਤ ਦੋਸਾਂਝ ਨਾਲ ਕਾਫੀ ਸਾਰੀਆਂ ਫ਼ਿਲਮੀ ਹਸਤੀਆਂ ਉਸਦੀ ਪਿੱਠ ਪਿੱਛੇ ਆ ਖੜ੍ਹੀਆਂ ਹਨ, ਜਿਨ੍ਹਾਂ ਵਿੱਚ ਮਸ਼ਹੂਰ ਅਦਾਕਾਰਾ ਪ੍ਰਿਯੰਕਾ ਚੋਪੜਾ, ਪੰਜਾਬ ਬੀਜੇਪੀ ਦੇ ਨੌਜਵਾਨ ਸਿਆਸਤਦਾਨ ਰਵਨੀਤ ਬਿੱਟੂ, ਪੰਜਾਬੀ ਅਦਾਕਾਰ ਦੇਵ ਖਰੌੜ, ਮਸ਼ਹੂਰ ਫਿਲਮੀ ਗੀਤਕਾਰ ਜਾਵੇਦ ਅਖ਼ਤਰ, ਗਾਇਕ ਜਸਵੀਰ ਜੱਸੀ, ਬੱਬੂ ਮਾਨ ਅਤੇ ਬਜ਼ੁਰਗ ਕਲਾਕਾਰ ਨਸੀਰੂਦੀਨ ਸ਼ਾਹ ਆਦਿ। ਸੋਸ਼ਲ ਮੀਡੀਆ ਤੇ ਬੈਠੀ ਸੰਕੀਰਣ ਸੋਚ ਵਾਲੀ ਭੀੜ ਜਿਸਦਾ ਕੰਮ ਕੇਵਲ ਵਿਰੋਧ ਕਰਨਾ ਹੀ ਹੁੰਦਾ ਹੈ ਉਨ੍ਹਾਂ ਨੂੰ ਜਵਾਬ ਦੇਣ ਲਈ ਸਮੂਹ ਪੰਜਾਬੀ ਭਾਈਚਾਰੇ ਨੂੰ, ਇਨਸਾਫਪਸੰਦ ਲੋਕਾਂ ਨੂੰ ਦੋਸਾਂਝ ਨਾਲ ਖੜ੍ਹਨਾ ਚਾਹੀਦਾ ਹੈ, ਉਸਦੇ ਹੱਕ ਵਿੱਚ ਡਟਣਾ ਚਾਹੀਦਾ ਹੈ ਅਤੇ ਇਸ ਨਫ਼ਰਤ ਭਰੇ ਵਰਤਾਰੇ ਦੀ ਜਿੰਨੀ ਹੋ ਸਕੇ ਨਿੰਦਿਆ ਕੀਤੀ ਜਾਣੀ ਚਾਹੀਦੀ ਹੈ। ਮੁਹੱਬਤ ਦੀ ਤਰੰਨੁਮ ਹੱਦਾਂ ਸਰਹੱਦਾਂ ਤੋਂ ਪਾਰ ਗੂੰਜਣੀ ਚਾਹੀਦੀ ਹੈ।
ਰਜਿੰਦਰ ਸਿੰਘ ਰਾਜਨ
ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰ 01
ਹਰੇੜੀ ਰੋਡ ਸੰਗਰੂਰ।
9876184954