ਕੁਡਲੁਰ ਜ਼ਿਲ੍ਹੇ ਦੇ ਸੇਮਨਕੁੱਪਮ ਪਿੰਡ ਵਿੱਚ ਮੰਗਲਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰਿਆ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਸਕੂਲ ਵੈਨ ਸਕੂਲੀ ਬੱਚਿਆਂ ਨੂੰ ਲੈ ਕੇ ਰੇਲਵੇ ਟਰੈਕ ਪਾਰ ਕਰ ਰਹੀ ਸੀ। ਅਚਾਨਕ ਇੱਕ ਰੇਲਗੱਡੀ ਪਟੜੀ 'ਤੇ ਆ ਗਈ ਅਤੇ ਵੈਨ ਨੂੰ ਟੱਕਰ ਮਾਰ ਦਿੱਤੀ।
ਜਾਣਕਾਰੀ ਅਨੁਸਾਰ, ਇਸ ਦਰਦਨਾਕ ਹਾਦਸੇ ਵਿੱਚ 2 ਸਕੂਲੀ ਵਿਦਿਆਰਥੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਕਈ ਵਿਦਿਆਰਥੀ ਗੰਭੀਰ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਵੈਨ ਵਿੱਚ 5 ਬੱਚੇ ਸਨ।
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਇਸ ਦੌਰਾਨ ਕੁਡਲੁਰ ਜ਼ਿਲ੍ਹਾ ਪੁਲਿਸ ਸੁਪਰਡੈਂਟ ਜੈਕੁਮਾਰ ਅਤੇ ਕੁਲੈਕਟਰ ਐਸਪੀ ਆਦਿਤਿਆ ਸੇਂਥਿਲਕੁਮਾਰ ਵੀ ਉੱਥੇ ਪਹੁੰਚੇ ਅਤੇ ਮੌਕੇ ਦਾ ਮੁਆਇਨਾ ਕੀਤਾ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਤਿਰੂਚੇਂਦੂਰ ਤੋਂ ਚੇਨਈ ਜਾ ਰਹੀ ਇੱਕ ਰੇਲਗੱਡੀ ਨੇ ਇੱਕ ਨਿੱਜੀ ਸਕੂਲ ਵਾਹਨ ਨੂੰ ਟੱਕਰ ਮਾਰ ਦਿੱਤੀ, ਜੋ ਤੇਜ਼ ਰਫ਼ਤਾਰ ਨਾਲ ਰੇਲਵੇ ਫਾਟਕ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਹਾਦਸੇ ਦੇ ਚਸ਼ਮਦੀਦਾਂ ਦਾ ਇਲਜ਼ਾਮ ਹੈ ਕਿ ਜਦੋਂ ਰੇਲਗੱਡੀ ਆਈ ਤਾਂ ਗੇਟਕੀਪਰ ਨੇ ਰੇਲਵੇ ਫਾਟਕ ਬੰਦ ਨਹੀਂ ਕੀਤਾ। ਹਾਦਸੇ ਤੋਂ ਨਾਰਾਜ਼ ਸਥਾਨਕ ਲੋਕਾਂ ਨੇ ਗੇਟਕੀਪਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਮੌਕੇ 'ਤੇ ਮੌਜੂਦ ਪੁਲਿਸ ਨੇ ਗੇਟਕੀਪਰ ਨੂੰ ਲੋਕਾਂ ਤੋਂ ਬਚਾਇਆ।
ਪ੍ਰਾਪਤ ਜਾਣਕਾਰੀ ਅਨੁਸਾਰ ਟੱਕਰ ਇੰਨੀ ਜ਼ਬਰਦਸਤ ਸੀ ਕਿ ਵੈਨ ਲਗਭਗ 50 ਮੀਟਰ ਤੱਕ ਘਸੀਟਦੀ ਗਈ। ਇਸ ਕਾਰਨ ਵਿਦਿਆਰਥੀਆਂ ਦੀ ਦਰਦਨਾਕ ਮੌਤ ਹੋ ਗਈ। ਸਥਾਨਕ ਲੋਕਾਂ ਨੇ ਤੁਰੰਤ ਪੁਲਿਸ ਨੂੰ ਹਾਦਸੇ ਬਾਰੇ ਸੂਚਿਤ ਕੀਤਾ। ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 7:45 ਵਜੇ ਦੇ ਕਰੀਬ ਹੋਇਆ। ਟ੍ਰੇਨ ਨੰਬਰ 56813 ਵਿੱਲੂਪੁਰਮ-ਮਈਲਾਦੁਥੁਰਾਈ ਪੈਸੇਂਜਰ ਨਾਲ ਟਕਰਾਉਣ ਤੋਂ ਬਾਅਦ ਵੈਨ ਬੁਰੀ ਤਰ੍ਹਾਂ ਨੁਕਸਾਨੀ ਗਈ।
ਇਸ ਹਾਦਸੇ 'ਤੇ ਰੇਲਵੇ ਨੇ ਕਿਹਾ ਕਿ ਗੇਟਕੀਪਰ ਫਾਟਕ ਬੰਦ ਕਰਨ ਲਈ ਅੱਗੇ ਜਾ ਰਿਹਾ ਸੀ ਜਦੋਂ ਵੈਨ ਡਰਾਈਵਰ ਨੇ ਜ਼ਬਰਦਸਤੀ ਟਰੈਕ ਪਾਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਸਪੀਡ ਵੀ ਤੇਜ਼ ਕਰ ਦਿੱਤੀ। ਦੱਖਣੀ ਰੇਲਵੇ ਨੇ ਇਸ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਰੇਲਵੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਕੁਡਲੁਰ ਅਤੇ ਅਲਾੱਪੱਕਮ ਵਿਚਕਾਰ ਰੇਲਵੇ ਲੈਵਲ ਕਰਾਸਿੰਗ ਫਾਟਕ ਨੰਬਰ 170 (ਇੱਕ ਗੈਰ-ਇੰਟਰਲਾਕਡ ਫਾਟਕ) ਦੇ ਗੇਟਕੀਪਰ ਨੂੰ ਲਾਪਰਵਾਹੀ ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ।