ਬਰਨਾਲਾ, 123 ਜੁਲਾਈ (ਧਰਮਪਾਲ ਸਿੰਘ): ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਵੱਲੋਂ ਸੂਬਾ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਵੱਡੀ ਗਿਣਤੀ ਵਿੱਚ ਲੈਂਡ ਪੂਲਿੰਗ ਪਾਲਸੀ ਅਤੇ ਚਿੱਪ ਵਾਲੇ ਮੀਟਰਾਂ ਦੇ ਵਿਰੋਧ ' ਚ ਪਾਰਟੀ ਦੇ ਜ਼ਿਲ੍ਹਾ ਕਨਵੀਨਰ ਰਜਿੰਦਰ ਸਿੰਘ ਕਾਹਨੇ ਕੇ ਦੀ ਅਗਵਾਈ ਹੇਠ ਸੂਬਾ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਕੇ ਏਡੀਸੀ ਬਰਨਾਲਾ ਨੂੰ ਮੰਗ ਪੱਤਰ ਦਿੱਤਾ ਗਿਆ। ਜ਼ਿਲ੍ਹਾ ਕਨਵੀਨਰ ਰਜਿੰਦਰ ਸਿੰਘ ਕਾਹਨੇ ਕੇ, ਛੋਟਾ ਸਿੰਘ ਧਨੌਲਾ ਅਤੇ ਜਰਨੈਲ ਸਿੰਘ ਦਾਨਗੜ੍ਹ ਨੇ ਕਿਹਾ ਕਿ ਲੈਂਡ ਪੂਲਿੰਗ ਅਤੇ ਚਿੱਪ ਵਾਲੇ ਮੀਟਰਾਂ ਲਾਉਣ ਵਾਲੀ ਨੀਤੀ ਕਿਸਾਨਾਂ-ਮਜ਼ਦੂਰਾਂ ਅਤੇ ਆਮ ਵਰਗ ਦੇ ਹਿੱਤ ਵਿੱਚ ਨਹੀਂ ਹੈ, ਸਗੋਂ ਧਨਾਢਾ ਤੇ ਉਦਯੋਗਪਤੀਆਂ ਦੇ ਹੱਕ ਵਿੱਚ ਹੈ | ਸਰਕਾਰ ਕਿਸਾਨਾਂ ਦੀਆਂ ਉਪਜਾਊ ਜਮੀਨਾਂ ਕਿਸਾਨਾਂ ਤੋਂ ਖੋਹ ਕੇ ਉਦਯੋਗਪਤੀਆਂ ਨੂੰ ਦੇਣਾ ਚਾਹੁੰਦੀ ਹੈ, ਜਿਸ ਨਾਲ ਕਿਸਾਨੀ ਬਿਲਕੁਲ ਖਤਮ ਹੋ ਜਾਵੇਗੀ ਅਤੇ ਮਜ਼ਦੂਰ ਕੰਮ ਬਾਂਝੇ ਹੋ ਜਾਣਗੇ | ਆਗੂਆਂ ਕਿਹਾ ਕਿ ਸਰਕਾਰਾਂ ਦੀਆਂ ਪਹਿਲਾਂ ਹੀ ਮਾੜੀਆਂ ਨੀਤੀਆਂ ਕਾਰਨ ਖੇਤੀਬਾੜੀ ਧੰਦਾ ਲਾਹੇਬੰਦ ਨਹੀਂ ਰਿਹਾ ਜਿਸ ਕਾਰਨ ਕਿਸਾਨਾਂ ਸਿਰ ਕਰਜ਼ੇ ਦੀ ਪੰਡ ਦਿਨੋਂ ਦਿਨ ਭਾਰੀ ਹੁੰਦੀ ਜਾ ਰਹੀ ਹੈ ਅਤੇ ਸਰਕਾਰਾਂ ਵੱਲੋਂ ਕਿਸਾਨੀ ਨੂੰ ਕਰਜ਼ੇ ਦੇ ਜਾਲ ਵਿੱਚੋਂ ਕੱਢਣ ਲਈ ਕੋਈ ਠੋਸ ਉਪਰਾਲੇ ਨਹੀਂ ਕੀਤੇ ਗਏ ਸਗੋਂ ਨਿਤ ਦਿਨ ਨਵੇਂ ਟੈਕਸ ਲਾ ਕੇ ਹੋਰ ਬੋਝ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਪਾਵਰਕਾਮ ਵਿਭਾਗ ਦੇ ਅਧਿਕਾਰੀ ਪਿੰਡਾਂ ਵਿੱਚ ਚਿੱਪਾਂ ਵਾਲੇ ਮੀਟਰ ਲਾਉਣ ਆਉਣਗੇ ਤਾਂ ਉਹ ਮੀਟਰ ਨਹੀਂ ਲਾਉਣ ਦੇਣਗੇ ਤੇ ਸਖਤ ਵਿਰੋਧ ਕਰਨਗੇ । ਆਗੂਆਂ ਕਿਹਾ ਕਿ ਲੈਂਡ ਪੂਲਿੰਗ ਨੀਤੀ ਦਾ ਤੁਰੰਤ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਇਸ ਨੀਤੀ ਦਾ ਨੋਟੀਫਿਕੇਸ਼ਨ ਰੱਦ ਨਾ ਕੀਤਾ ਗਿਆ ਤਾਂ ਪਾਰਟੀ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਅਵਤਾਰ ਸਿੰਘ ਬਰਨਾਲਾ, ਜਗਤਾਰ ਸਿੰਘ ਚੀਮਾ, ਮਨਪ੍ਰੀਤ ਸਿੰਘ ਕਾਹਨੇ ਕੇ, ਭੂਰਾ ਸਿੰਘ ਕਾਹਨੇ ਕੇ, ਮਲਕੀਤ ਸਿੰਘ ਕੋਟਦੁਨਾ, ਬਲਵੀਰ ਸਿੰਘ ਹੰਡਿਆਇਆ, ਹਰਨੇਕ ਸਿੰਘ ਸੰਘੇੜਾ, ਨਛੱਤਰ ਸਿੰਘ ਘੁੰਨਸ, ਸੁਰਿੰਦਰ ਸਿੰਘ ਦਰਦੀ ਆਦਿ ਹਾਜ਼ਰ ਸਨ ।