-8 ਲਗਜ਼ਰੀ ਗੱਡੀਆਂ, ਜਾਅਲੀ ਆਧਾਰ ਕਾਰਡ ਤੇ ਹੋਰ ਕਾਗਜ਼ਾਤ ਬਰਾਮਦ
ਬਰਨਾਲਾ, 30 ਜੂਨ (ਧਰਮਪਾਲ ਸਿੰਘ):ਬਰਨਾਲਾ ਪੁਲਿਸ ਨੇ ਵਾਹਨਾਂ ਦੀ ਚੋਰੀ, ਜਾਅਲੀ ਕਾਗਜਾਤ ਤਿਆਰ ਕਰਨ ਅਤੇ ਧੋਖਾਧੜੀ ਕਰਨ ਵਾਲੇ ਇੱਕ ਅੰਤਰਰਾਜੀ ਗਰੋਹ ਦਾ ਪਰਦਾਫਾਸ ਕਰਕੇ 6 ਮੁਲਜਮਾਂ ਨੂੰ ਗਿ੍ਰਫਤਾਰ ਕਰਕੇ ਇਨਾਂ ਕੋਲੋਂ 8 ਲਗਜਰੀ ਗੱਡੀਆਂ ਅਤੇ ਜਾਅਲੀ ਆਧਾਰ ਕਾਰਡਾਂ ਦੀਆਂ ਫੋਟੋ ਕਾਪੀਆਂ ਬਰਾਮਦ ਕੀਤੀਆਂਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅਸੋਕ ਸਰਮਾ ਐਸ.ਪੀ (ਡੀ) ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 17 ਜੂਨ 2025 ਨੂੰ ਇੰਸਪੈਕਟਰ ਬਲਜੀਤ ਸਿੰਘ ਇੰਚਾਰਜ ਸੀ.ਆਈ.ਏ. ਬਰਨਾਲਾ ਨੇ ਮੁਖਬਰੀ ਦੇ ਆਧਾਰ ਤੇ ਇਸ ਅੰਤਰਰਾਜੀ ਗਿਰੋਹ ਦਾ ਪਰਦਾਫਾਸ ਕੀਤਾ ਹੈ। ਉਨਾਂ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਮੇਸ਼ ਕੁਮਾਰ ਪੁੱਤਰ ਜੱਬਰ ਸਿੰਘ ਵਾਸੀ ਸੇਖਾ ਰੋਡ ਬਰਨਾਲਾ, ਜਸ਼ਨਪ੍ਰੀਤ ਸਿੰਘ ਪੁੱਤਰ ਦਰਸਨ ਸਿੰਘ ਵਾਸੀ ਗੁਰਸੇਵਕ ਨਗਰ, ਧਨੌਲਾ ਰੋਡ ਬਰਨਾਲਾ, ਆਪਣੇ ਹੋਰ ਸਾਥੀਆਂ ਪ੍ਰਵੀਨ, ਸੰਨੀ ਅਤੇ ਸੰਦੀਪ ਨਾਲ ਮਿਲ ਕੇ ਇੱਕ ਵੱਡੇ ਪੱਧਰ ਤੇ ਧੋਖਾਧੜੀ ਦਾ ਕਾਰੋਬਾਰ ਚਲਾ ਰਹੇ ਹਨ। ਗੱਡੀਆਂ ਚੋਰੀ ਕਰਵਾ ਕੇ ਉਨਾਂ ਦੇ ਜਾਅਲੀ ਕਾਗਜ਼ਾਤ ਤਿਆਰ ਕਰਵਾ ਕੇ ਵੇਚ ਰਹੇ ਹਨ। ਪੁਲਿਸ ਨੂੰ ਪਤਾ ਲੱਗਿਆ ਸੀ ਕਿ ਗਿਰੋਹ ਦੇ ਮੈਂਬਰ ਪੰਜਾਬ ਜਾਂ ਬਾਹਰਲੇ ਰਾਜਾਂ ਜਿਵੇਂ ਕਿ ਦਿੱਲੀ ਵਿੱਚੋਂ ਕਾਰਾਂ/ਗੱਡੀਆਂ ਚੋਰੀ ਕਰਦੇ ਜਾਂ ਕਰਵਾਉਂਦੇ ਸਨ। ਇਸ ਤੋਂ ਇਲਾਵਾ, ਉਹ ਅਜਿਹੀਆਂ ਗੱਡੀਆਂ ਨੂੰ ਵੀ ਨਿਸ਼ਾਨਾ ਬਣਾਉਂਦੇ ਸਨ ਜੋ ਪੂਰੀ ਤਰਾਂ ਫਾਈਨਾਂਸਡ ਹੁੰਦੀਆਂ ਸਨ ਅਤੇ ਜਿਨਾਂ ਦੀਆਂ ਕਿਸਤਾਂ ਭਰੀਆਂ ਨਹੀਂ ਜਾਂਦੀਆਂ ਸਨ, ਜਾਂ ਫਿਰ ਅਜਿਹੀਆਂ ਗੱਡੀਆਂ ਜੋ ਕਿਸੇ ਦੁਰਘਟਨਾ ਵਿੱਚ ਪੂਰੀ ਤਰਾਂ ਨੁਕਸਾਨੀਆਂ ਗਈਆਂ ਹੁੰਦੀਆਂ ਸਨ ਅਤੇ ਜਿਨਾਂ ਦਾ ਬੀਮਾ ਕਲੇਮ ਲਿਆ ਜਾ ਚੁੱਕਾ ਹੁੰਦਾ ਸੀ।ਇਨਾਂ ਗੱਡੀਆਂ ਨੂੰ ਆਪਣੇ ਕਬਜੇ ਵਿੱਚ ਲੈਣ ਤੋਂ ਬਾਅਦ, ਗਿਰੋਹ ਦੇ ਮੈਂਬਰ ਗੱਡੀਆਂ ਦੇ ਇੰਜਣ ਨੰਬਰ ਅਤੇ ਚੈਸੀ ਨੰਬਰ ਤੇ ਟੈਂਪਰਿੰਗ ਕਰਦੇ ਸਨ। ਉਹ ਪੂਰੀ ਤਰਾਂ ਜਾਅਲੀ ਅਤੇ ਫਰਜੀ ਐਨ.ਓ.ਸੀ. (ਕੋਈ ਇਤਰਾਜ ਨਹੀਂ ਸਰਟੀਫਿਕੇਟ) ਤਿਆਰ ਕਰਦੇ ਸਨ। ਗੱਡੀਆਂ/ਕਾਰਾਂ ਦੇ ਬਿੱਲਾਂ ਵਿੱਚ ਚੈਸੀ ਨੰਬਰ ਅਤੇ ਇੰਜਣ ਨੰਬਰ ਦੇ ਅੱਖਰਾਂ ਨੂੰ ਬਦਲ ਕੇ ਅਤੇ ਹੋਰ ਕਾਗਜਾਤ ਨਾਲ ਛੇੜਛਾੜ ਕਰਕੇ, ਉਹ ਰਜਿਸਟ੍ਰੇਸਨ ਅਥਾਰਟੀ ਦੇ ਏਜੰਟਾਂ ਜਾਂ ਕਲਰਕਾਂ ਨਾਲ ਮਿਲ ਕੇ ਗੱਡੀਆਂ/ਕਾਰਾਂ ਦੀਆਂ ਗਲਤ ਤਰੀਕੇ ਨਾਲ ਜਾਅਲੀ ਆਰ.ਸੀ. (ਰਜਿਸਟ੍ਰੇਸਨ ਸਰਟੀਫਿਕੇਟ) ਤਿਆਰ ਕਰਵਾਉਂਦੇ ਸਨ। ਉਹ ਆਪਣੇ ਜਾਅਲੀ ਅਤੇ ਫਰਜੀ ਤਿਆਰ ਕੀਤੇ ਪਤਿਆਂ ‘ਤੇ ਨਵੇਂ ਰਜਿਸਟ੍ਰੇਸਨ ਨੰਬਰ ਵੀ ਲਗਵਾ ਲੈਂਦੇ ਸਨ ਅਤੇ ਫਿਰ ਇਨਾਂ ਗੱਡੀਆਂ ਨੂੰ ਅੱਗੇ ਭੋਲੇ-ਭਾਲੇ ਲੋਕਾਂ ਨੂੰ ਮੋਟੀਆਂ ਰਕਮਾਂ ਵਿੱਚ ਵੇਚ ਕੇ ਠੱਗੀਆਂ ਮਾਰਦੇ ਸਨ।ਇਸ ਤੋਂ ਇਲਾਵਾ, ਇਹ ਗਰੋਹ ਗੱਡੀਆਂ ਦੀਆਂ ਜਾਅਲੀ ਐਨ.ਓ.ਸੀਜ ਤਿਆਰ ਕਰਕੇ ਅਤੇ ਜਾਅਲੀ ਟੈਕਸ ਦੀਆਂ ਰਸੀਦਾਂ ਲਗਾ ਕੇ ਸਰਕਾਰੀ ਖਜਾਨੇ ਨੂੰ ਵੀ ਮੋਟਾ ਚੂਨਾ ਲਗਾ ਕੇ ਧੋਖਾਦੇਹੀ ਕਰਦਾ ਸੀ। ਉਹ ਗੱਡੀਆਂ ਦੇ ਜਾਅਲੀ ਅਤੇ ਫਰਜੀ ਕਾਗਜਾਤ ਲਗਾ ਕੇ ਨਵੀਆਂ ਆਰ.ਸੀਜ ਤਿਆਰ ਕਰਵਾ ਕੇ ਉਨਾਂ ‘ਤੇ ਬੈਂਕਾਂ ਤੋਂ ਕਰਜੇ ਵੀ ਕਰਵਾਉਂਦੇ ਸਨ, ਜੋ ਕਿ ਇੱਕ ਹੋਰ ਵੱਡਾ ਘੁਟਾਲਾ ਸੀ।