ਬਰਨਾਲਾ, 1 ਜੁਲਾਈ (ਧਰਮਪਾਲ ਸਿੰਘ, ਬਲਜੀਤ ਕੌਰ): ਬਰਨਾਲਾ ਪੁਲਿਸ ਨੇ ਵੱਖ ਵੱਖ ਮਾਮਲਿਆਂ ਵਿੱਚ ਚੋਰੀਆਂ ਕਰਨ ਵਾਲੇ 7 ਜਣਿਆਂ ਨੂੰ ਗਿ੍ਰਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕਰਨ ਦਾ ਦਾਅਵਾ ਕੀਤਾ ਹੈ। ਇਸ ਵਿੱਚ ਇੱਕ ਕੇਸ ਪੁਲਿਸ ਵੱਲੋਂ ਚੌਵੀ ਘੰਟਿਆਂ ਵਿੱਚ ਹੀ ਹੱਲ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਪ੍ਰੈਸ ਕਾਨਫਰੰਸ ਵਿੱਚ ਡੀ.ਐਸ.ਪੀ. ਸਤਵੀਰ ਸਿੰਘ ਨੇ ਦੱਸਿਆ ਕਿ 30 ਜੂਨ 2025 ਨੂੰ ਪੁਲਿਸ ਸਿਟੀ ਬਰਨਾਲਾ ਵਿਖੇ ਲਿਖਵਾਈ ਰਿਪੋਰਟ ਵਿੱਚ ਟਿੰਕੂ ਪੁੱਤਰ ਸੋਹਣ ਲਾਲ ਵਾਸੀ ਗੀਤਾ ਭਵਨ ਬਰਨਾਲਾ ਨੇ ਦੱਸਿਆ ਕਿ ਜਦੋਂ ਉਨਾਂ ਦਾ ਪਰਿਵਾਰ ਘਰ ਤੋਂ ਬਾਹਰ ਗਏ ਹੋਏ ਸਨ ਤਾਂ ਚੋਰ ਘਰ ਵਿੱਚ ਦਾਖ਼ਲ ਹੋ ਕੇ ਉਨਾਂ ਦੇ ਘਰ ਵਿਚੋਂ ਸੋਨੇ ਚਾਂਦੀ ਦੇ ਗਹਿਣੇ ਤੇ ਨਕਦੀ ਚੋਰੀ ਕਰਕੇ ਲੈ ਗਏ। ਉਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਥਾਣਾ ਸਿਟੀ-1 ਦੇ ਐਸਐਚਓ ਇੰਸਪੈਕਟਰ ਲਖਵਿੰਦਰ ਸਿੰਘ ਨੇ ਚੋਰੀ ਕਰਨ ਵਾਲੇ ਗੁਰਦੇਵ ਸਿੰਘ ਲਾਲੀ, ਅੰਮਿ੍ਰਤਪਾਲ ਸਿੰਘ ਬਿੱਟੂ ਅਤੇ ਗੁਰਜੰਟ ਸਿੰਘ ਵਾਸੀਆਨ ਸੰਤਾਂ ਵਾਲੀ ਗਲੀ ਹਾਲ ਆਬਾਦ 22 ਏਕੜ ਨੂੰ ਗਿ੍ਰਫ਼ਤਾਰ ਕਰਕੇ ਇਨਾਂ ਦੇ ਕਬਜ਼ੇ ਵਿੱਚੋਂ ਚੋਰੀ ਕੀਤੇ ਗਹਿਣੇ ਬਰਾਮਦ ਕਰਵਾਏ ਹਨ। ਉਨਾਂ ਦੱਸਿਆ ਕਿ ਇੱਕ ਹੋਰ ਮਾਮਲੇ ਵਿੱਚ ਰਿਸ਼ੂ ਜਿੰਦਲ ਵਾਸੀ ਬਰਨਾਲਾ ਨੇ ਦੱਸਿਆ ਕਿ ਉਹ ਪਟੇਲ ਨਗਰ ਬਰਨਾਲਾ ਵਿਖੇ ਇਲੈਕਟ੍ਰਾਨਿਕ ਦਾ ਗੋਦਾਮ ਹੈ ਅਤੇ ਗੋਦਾਮ ਵਿੱਚੋ ਫਰਿਜ ਅਤੇ ਏਸੀ ਚੋਰੀ ਹੋ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਨਰਿੰਦਰ ਸਿੰਘ, ਕਰਨ ਤੇ ਸੰਤ ਸਿੰਘ ਸਾਰੇ ਵਾਸੀ ਸੇਖਾ ਰੋਡ ਨੂੰ ਗਿ੍ਰਫ਼ਤਾਰ ਕਰਕੇ ਇਨਾਂ ਕੋਲੋਂ ਫਰਿਜ ਤੇ ਇੱਕ ਐਲਈਡੀ ਬਰਾਮਦ ਕਰਵਾਈ ਹੈ। ਇਸੇ ਤਰਾਂ ਇੱਕ ਹੋਰ ਮਾਮਲੇ ਵਿੱਚ ਦਲੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪੱਤੀ ਰੋਡ ਬਰਨਾਲਾ ਨੇ ਪੁਲਿਸ ਨੂੰ ਰਿਪੋਰਟ ਲਿਖਵਾਈ ਸੀ ਚੋਰਾਂ ਨੇ ਉਸ ਦੇ ਘਰੋਂ ਗਹਿਣੇ ਤੇ ਨਕਦੀ ਚੋਰੀ ਕਰ ਲਈ ਜਦੋਂ ਉਹ ਘਰ ਵਿੱਚ ਮੌਜ਼ੂਦ ਨਹੀਂ ਸਨ। ਪੁਲਿਸ ਨੇ ਇਸ ਕੇਸ ਵਿੱਚ ਪ੍ਰਦੀਪ ਸਿੰਘ ਨਾਮਕ ਵਿਅਕਤੀ ਤੋਂ ਗਿ੍ਰਫ਼ਤਾਰ ਕਰਕੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮੌਕੇ ਸਹਾਇਕ ਥਾਣੇਦਾਰ ਅਵਤਾਰ ਸਿੰਘ, ਹੌਲਦਾਰ ਸੁਖਅਕਾਸ਼ਦੀਪ ਸਿੰਘ ਤੋਂ ਇਲਾਵਾ ਹੋਰ ਵੀ ਪੁਲਿਸ ਮੁਲਾਜ਼ਮ ਹਾਜ਼ਰ ਸਨ।