ਗੜ੍ਹਸ਼ੰਕਰ (ਸ਼ਰਮਾ) ਗੌਰਮਿੰਟ ਟੀਚਰ ਯੂਨੀਅਨ ਇਕਾਈ ਗੜਸ਼ੰਕਰ 2 ਦੀ ਇਕ ਅਹਿਮ ਮੀਟਿੰਗ ਬਲਾਕ ਪ੍ਰਧਾਨ ਅਸ਼ਵਨੀ ਰਾਣਾ, ਜਨਰਲ ਸਕੱਤਰ ਪਰਮਿੰਦਰ ਪੱਖੋਵਾਲ, ਜਿਲ੍ਹਾ ਕਮੇਟੀ ਮੈਂਬਰ ਰਾਜ ਕੁਮਾਰ ਦੀ ਪ੍ਰਧਾਨਗੀ ਹੇਠ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਹੋਈ। ਪ੍ਰੈਸ ਸਕੱਤਰ ਨੀਤਿਨ ਸੁਮਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਜੂਦਾ ਪੰਜਾਬ ਸਰਕਾਰ ਸਕੂਲ ਮੈਨੇਜਮੈਂਟ ਕਮੇਟੀਆਂ ਵਿੱਚ ਆਪਣੇ ਚਹੇਤੇ ਰਾਜਨੀਤਕ ਲੋਕਾਂ ਨੂੰ ਖੁਸ਼ ਕਰਨ ਲਈ ਸਕੂਲਾਂ ਵਿੱਚ ਦਖਲਅੰਦਾਜ਼ੀ ਨਾਲ ਅਧਿਆਪਕਾਂ ਵਰਗ ਵਿੱਚ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਬੰਧਤ ਪਿੰਡਾਂ ਦੇ ਚੁਣੇ ਲੋਕ ਨੁਮਾਇੰਦਿਆਂ ਅਤੇ ਸਿੱਖਿਆ ਮਾਹਿਰਾਂ ਨੂੰ ਛੱਡ ਕੇ ਸਰਕਾਰ ਵਲੋਂ ਆਪਣੇ ਚਹੇਤੇ ਸਿਆਸੀ ਲੋਕ ਕਮੇਟੀ ਵਿਚ ਦਾਖਲ ਕਰਕੇ ਸਕੂਲਾਂ ਨੂੰ ਸਿਆਸੀ ਅਖਾੜਾ ਬਣਾਉਣਾ ਚਾਹੁੰਦੀ ਹੈ, ਜੋ ਕਿ ਬਰਦਾਸ਼ਤ ਯੋਗ ਨਹੀਂ ਹੈ।
ਜਿਲ੍ਹਾ ਕਮੇਟੀ ਮੈਂਬਰ ਨਰੇਸ਼ ਕੁਮਾਰ ਨੇ ਕਿਹਾ ਕਿ ਇਕ ਪਿੰਡ ਤੋਂ ਬਾਹਰ ਵਾਲੇ ਮੈਂਬਰ ਨੂੰ ਕਈ ਸਕੂਲਾਂ ਦਾ ਮੈਂਬਰ ਬਣਾਇਆ ਜਾ ਰਿਹਾ ਹੈ ਤਾਂ ਅਧਿਆਪਕ ਨੂੰ ਉਨ੍ਹਾਂ ਦੇ ਹਸਤਾਖਰ ਕਰਵਾਉਣ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਅੱਗੇ ਕਿਹਾ ਕਿ ਅਧਿਆਪਕ ਵਰਗ ਤਾਂ ਪਹਿਲਾਂ ਹੀ ਗੈਰ ਵਿਦਿਅਕ ਕੰਮਾਂ ਤੇ ਬੇਲੋੜੀਆਂ ਡਾਕਾਂ ਵਿੱਚ ਉਲਝਿਆ ਹੋਇਆ ਹੈ। ਯੂਨੀਅਨ ਵਲੋਂ ਸਰਕਾਰ ਦੇ ਇਸ ਫੈਸਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ । ਆਗੂਆਂ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਜਲਦ ਤੋਂ ਜਲਦ ਇਸ ਫੈਸਲੇ ਨੂੰ ਵਾਪਸ ਲਿਆ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਵਲੋਂ ਸਰਕਾਰ ਖਿਲਾਫ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਇਕਾਈ ਗੜ੍ਹਸ਼ੰਕਰ ਦੇ ਪ੍ਰਧਾਨ ਸਤਪਾਲ ਮਿਨਹਾਸ, ਸਾਬਕਾ ਪ੍ਰਧਾਨ ਸ਼ਾਮਸੁੰਦਰ ਕਪੂਰ, ਸੰਦੀਪ ਬਡੇਸਰੋਂ, ਨਰੇਸ਼ ਕੁਮਾਰ, ਸੁਰਿੰਦਰ ਕੁਮਾਰ, ਜਸਵੀਰ ਬਸੀ, ਜਰਨੈਲ ਸਿੰਘ, ਭਾਗ ਸਿੰਘ, ਹਰਪਾਲ ਸਿੰਘ ਆਦਿ ਹਾਜ਼ਰ ਸਨ।