-ਕਿਸਾਨਾਂ ਅਤੇ ਮਜ਼ਦੂਰਾਂ ਨਾਲ ਕਦੇ ਧੱਕਾ ਨਹੀਂ ਹੋਣ ਦੇਵਾਗੇ: ਬੁਲਾਰੇ
ਬਰਨਾਲਾ, 18 ਅਗਸਤ (ਧਰਮਪਾਲ ਸਿੰਘ)- ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਪਾਲਿਸੀ ਲਾਗੂ ਕੀਤੀ ਗਈ ਸੀ ਪਰ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਸਦਕਾ ਇਹ ਫੈਸਲਾ ਵਾਪਸ ਲੈਣਾ ਪਿਆ | ਜਿਸ ਤੇ ਚੱਲਦੇ ਆਂ ਜਮੀਨ ਬਚਾਓ ਸੰਘਰਸ਼ ਕਮੇਟੀ ਨੇ ਖੁਸ਼ੀ ਵਜੋਂ ਪਿਛਲੇ ਦੋ ਦਿਨਾਂ ਤੋਂ ਹੰਡਿਆ ਯਾਰ ਰੋਡ ਤੇ ਗੁਰਦੁਆਰਾ ਸ੍ਰੀ ਪ੍ਰਗਟਸਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਪ੍ਰਕਾਸ਼ ਕਰਵਾਏ ਗਏ ਸੀ ।ਜਿਨਾਂ ਦੇ ਅੱਜ ਸਵੇਰੇ ਭੋਗ ਪਾਏ ਗਏ ਅਤੇ ਕੀਰਤਨੀ ਜਥੇ ਵੱਲੋਂ ਸ਼ਬਦ ਬਾਣੀ ਦਾ ਕੀਰਤਨ ਕੀਤਾ ਗਿਆ | ਇਸ ਮੌਕੇ ਜਮੀਨ ਬਚਾਓ ਸੰਘਰਸ਼ ਕਮੇਟੀ ਦੇ ਅਹੁਦੇਦਾਰ ਧੰਨਾ ਸਿੰਘ ਗਰੇਵਾਲ, ਰੁਪਿੰਦਰ ਸਿੰਘ ਗਰੇਵਾਲ, ਮੇਜਰ ਸਿੰਘ ਢਿੱਲਵਾਂ, ਨਿਰਮਲ ਸਿੰਘ ਭੁੱਲਰ, ਕੇਵਲ ਸਿੰਘ ਜੋਧਪੁਰੀਆ, ਹਰਮੇਲ ਸਿੰਘ ਗਿੱਲ, ਗੁਰਤੇਜ ਸਿੰਘ ਕਾਸਾਪੁਰੀਆ, ਸੁਖਜੀਤ ਸਿੰਘ, ਰਮਨ ਭੁੱਲਰ, ਸਿੰਦਰ ਭੁੱਲਰ, ਜਰਨੈਲ ਸਿੰਘ ਢਿੱਲਵਾਂ ਅਤੇ ਰੂਪ ਸਿੰਘ ਢਿੱਲਵਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਲੈਂਡ ਪੂਲਿੰਗ ਪਾਲਸੀ ਲਾਗੂ ਕਰਕੇ ਕਿਸਾਨਾਂ ਦੀਆਂ ਜ਼ਮੀਨਾਂ ਖੋਹਣਾ ਚਾਹੁੰਦੀ ਸੀ ਅਤੇ ਇਸ ਪਾਲਸੀ ਦੇ ਲਾਗੂ ਹੋਣ ਨਾਲ ਖੇਤੀਬਾੜੀ ਦਾ ਧੰਦਾ ਖਤਮ ਹੋ ਜਾਣਾ ਸੀ। ਉਨ੍ਹਾਂ ਕਿਹਾ ਕਿ ਕਿਸਾਨ ਆਪਣੀਆਂ ਜ਼ਮੀਨਾਂ ਉਪਰ ਹੀ ਫਸਲ ਦੀ ਕਾਸਤ ਕਰਕੇ ਆਪਣੇ ਪਰਿਵਾਰ ਦਾ ਗੁਜਾਰਾ ਚਲਾਉਂਦੇ ਹਨ। ਪੰਜਾਬ ਸਰਕਾਰ ਵੱਲੋਂ ਜਿੱਥੇ ਜਿੱਥੇ ਵੀ ਲੈਂਡ ਪੂਲਿੰਗ ਨੀਤੀ ਤਹਿਤ ਜ਼ਮੀਨਾਂ ਲਈਆ ਜਾਣੀਆ ਸਨ ਉੱਥੇ ਉੱਥੇ ਵੱਖ-ਵੱਖ ਕਿਸਾਨ ਜੱਥੇਬੰਦੀਆਂ ਵੱਲੋਂ ਕੀਤੇ ਗਏ ਤਕੜੇ ਸੰਘਰਸ਼ ਦੇ ਚਲਦੇ ਸਰਕਾਰ ਨੂੰ ਲੈਂਡ ਪੂਲਿੰਗ ਨੀਤੀ ਵਾਪਸ ਲੈਣੀ ਪਈ, ਜਿਸ ਸਦਕਾ ਕਿਸਾਨੀ ਸੰਘਰਸ਼ ਦੀ ਵੱਡੀ ਜਿੱਤ ਹੋਈ ਅਤੇ ਇਸੇ ਖੁਸ਼ੀ ਵਿੱਚ ਗੁਰਦੁਆਰਾ ਸ੍ਰੀ ਪ੍ਰਗਟਸਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਪ੍ਰਕਾਸ਼ ਕਰਵਾਏ ਗਏ ਸਨ । ਕਾਂਗਰਸ ਪਾਰਟੀ ਦੇ ਹਲਕਾ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਧਰਮ ਪਤਨੀ ਰਾਜਪ੍ਰੀਤ ਕੌਰ ਢਿੱਲੋ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਪਹਿਲਾਂ ਹੀ ਕਿਸਾਨ ਆਰਥਿਕ ਮੰਦੀ ਨਾਲ ਜੂਝ ਰਹੇ ਹਨ।ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਕਰਜ਼ੇ ਵਿੱਚੋਂ ਕੱਢਣ ਲਈ ਕੋਈ ਠੋਸ ਉਪਰਾਲੇ ਕਰਨ ਦੀ ਬਜਾਏ ਉਲਟਾ ਉਨ੍ਹਾਂ ਦੀਆਂ ਜ਼ਮੀਨਾਂ ਖੋਹਣ ਦੀਆਂ ਕੋਝੀਆ ਕੋਸ਼ਿਸ਼ਾਂ ਕੀਤੀਆਂ ਜਾ ਰਹੀ ਹਨ | ਜਿਸ ਨੂੰ ਪੰਜਾਬ ਦੇ ਕਿਸਾਨ ਕਿਸੇ ਵੀ ਕੀਮਤ ਉਪਰ ਬਰਦਾਸਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੇ ਕਿਸਾਨਾਂ ਅਤੇ ਮਜ਼ਦੂਰ ਪੱਖੀ ਨੀਤੀਆਂ ਲਾਗੂ ਕੀਤੀਆਂ ਜਾਣਗੀਆਂ ਤਾਂ ਜੋ ਕਿਸਾਨਾਂ ਅਤੇ ਮਜ਼ਦੂਰ ਵਰਗ ਨੂੰ ਆਰਥਿਕ ਪੱਧਰ ਤੇ ਉੱਚਾ ਚੁੱਕਿਆ ਜਾ ਸਕੇ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਇੰਚਾਰਜ ਕੁਲਵੰਤ ਸਿੰਘ ਕੀਤੂ ਨੇ ਕਿਹਾ ਕਿ ਕਿਸੇ ਵੀ ਕਿਸਾਨ ਅਤੇ ਮਜ਼ਦੂਰ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਉਹ ਹਮੇਸਾਂ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਰਹਿਣਗੇ। ਇਸ ਮੌਕੇ ਨਾ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਅਤੇ ਨਗਰ ਕੌਂਸਲ ਬਰਨਾਲਾ ਦੇ ਸਾਬਕਾ ਪ੍ਰਧਾਨ ਸ੍ਰੀ ਮੱਖਣ ਸ਼ਰਮਾ, ਸੀਨੀਅਰ ਕਾਂਗਰਸੀ ਆਗੂ ਬਲਦੇਵ ਭੁੱਚਰ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਲਾਲੀ ਤੇ ਜ਼ਿਲ੍ਹਾ ਆਗੂ ਮਨਜੀਤ ਰਾਜ, ਕਰਮਜੀਤ ਸਿੰਘ ਬਿੱਲੂ, ਬਲੌਰ ਸਿੰਘ ਛੰਨਾ, ਐਮਸੀ ਧਰਮ ਸਿੰਘ ਫੌਜੀ, ਮਹੇਸ਼ ਕੁਮਾਰ ਲੋਟਾ, ਬੀਬੀ ਸੁਰਿੰਦਰ ਕੌਰ ਬਾਲੀਆ, ਗੁਰਬਖਸ਼ ਸਿੰਘ ਗੋਨੀ ਐਮ.ਸੀ, ਗੁਰਦਰਸ਼ਨ ਸਿੰਘ ਬਰਾੜ, ਹਰਿਦੁਆਰ ਸਿੰਘ ਔਲਖ, ਡਾਕਟਰ ਦਲਜੀਤ ਸਿੰਘ ਪੱਪੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।