ਅਧਿਆਪਕ ਦਿਵਸ ਭਾਰਤ ਵਿੱਚ ਹਰ ਸਾਲ 5 ਸਤੰਬਰ ਨੂੰ ਮਨਾਇਆ ਜਾਂਦਾ ਹੈ।ਇਸ ਦਿਨ ਡਾ. ਸਰਵਪੱਲੀ ਰਾਧਾਕ੍ਰਿਸ਼ਨਨ, ਜੀ ਦਾ ਜਨਮਦਿਨ ਹੁੰਦਾ ਹੈ ਜੋ ਕਿ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ,ਦੂਜੇ ਰਾਸ਼ਟਰਪਤੀ ਅਤੇ ਮਹਾਨ ਅਧਿਆਪਕ ਸਨ। ਉਨ੍ਹਾਂ ਦਾ ਜਨਮਦਿਨ ਸਕੂਲਾਂ, ਕਾਲਜਾਂ ਅਤੇ ਵਿਦਿਅਕ ਸੰਸਥਾਵਾਂ ਵਿੱਚ ਮਨਾਇਆ ਜਾਂਦਾ ਹੈ। ਅਧਿਆਪਕਾਂ ਨੂੰ ਵੱਖ-ਵੱਖ ਸੰਸਥਾਵਾਂ, ਸਮਾਜਸੇਵੀ ਸੰਸਥਾਵਾਂ ਵੱਲੋਂ ਉਹਨਾਂ ਦੁਆਰਾ ਸਿੱਖਿਆ ਦੇ ਖੇਤਰ ਵਿੱਚ ਪਾਏ ਯੋਗਦਾਨ ਕਰਕੇ ਸਨਮਾਨਿਤ ਕੀਤਾ ਜਾਂਦਾ ਹੈ। ਵਿਦਿਆਰਥੀ ਆਪਣੇ ਅਧਿਆਪਕਾਂ ਪ੍ਰਤੀ ਸਤਿਕਾਰ ਅਤੇ ਧੰਨਵਾਦ ਪ੍ਰਗਟ ਕਰਨ ਲਈ ਵਿਸ਼ੇਸ਼ ਪ੍ਰੋਗਰਾਮ, ਸਮਾਗਮ ਅਤੇ ਗਤੀਵਿਧੀਆਂ ਦਾ ਆਯੋਜਨ ਕਰਦੇ ਹਨ। ਅਧਿਆਪਕ ਕੌਮ ਦੇ ਨਿਰਮਾਤਾ ਹੁੰਦੇ ਹਨ। ਅਧਿਆਪਨ ਇੱਕ ਅਜਿਹਾ ਕਿੱਤਾ ਹੈ ਜੋ ਬਾਕੀ ਕਿੱਤਿਆਂ ਦੀ ਉਪਜ ਹੈ। ਅਧਿਆਪਕ ਦਿਵਸ ਮੌਕੇ ਦੇਸ਼ ਦੀ ਪਹਿਲੀ ਔਰਤ ਅਧਿਆਪਕਾ ਸਾਵਿੱਤਰੀ ਬਾਈ ਫੂਲੇ ਜੀ ਨੂੰ ਵਿਸ਼ੇਸ਼ ਤੌਰ 'ਤੇ ਯਾਦ ਕੀਤਾ ਜਾਂਦਾ ਹੈ।
ਸਾਵਿੱਤਰੀ ਬਾਈ ਫੂਲੇ ਜੀ ਦਾ ਜਨਮ 03 ਜਨਵਰੀ 1831 ਨੂੰ ਪਿੰਡ ਨਯਗਾਉਂ ਜ਼ਿਲ੍ਹਾ ਸਤਾਰਾ,ਮਹਾਰਾਸ਼ਟਰ ਵਿਖੇ ਹੋਇਆ। ਆਪ ਜੀ ਦੇ ਪਿਤਾ ਨਾਂ ਖੰਡੋਜੀ ਨੇਵਸੇ ਪਾਟਿਲ ਅਤੇ ਮਾਤਾ ਦਾ ਨਾਂ ਲਕਸ਼ਮੀ ਸੀ। ਇਹ ਪਰਿਵਾਰ ਵਿੱਚੋਂ ਸਭ ਤੋਂ ਵੱਡੀ ਲੜਕੀ ਸੀ ਜਿਸ ਕਰਕੇ ਉਸ ਸਮੇਂ ਦੇ ਰੀਤੀ ਰਿਵਾਜਾਂ ਅਨੁਸਾਰ 1840 ਈਸਵੀ ਵਿੱਚ 9 ਸਾਲ ਦੀ ਉਮਰ ਦੀ ਉਮਰ ਵਿੱਚ ਇਹਨਾਂ ਵਿਆਹ 13 ਸਾਲ ਦੇ ਲੜਕੇ ਜੋਤੀਬਾ ਫੂਲੇ ਨਾਲ ਕਰ ਦਿੱਤਾ। ਵਿਆਹ ਤੋਂ ਬਾਅਦ ਉਹ ਆਪਣੇ ਪਤੀ ਨਾਲ ਪੁਣੇ ਚਲੇ ਗਏ। ਜੋਤੀਬਾ ਫੂਲੇ ਜੀ ਜੋੋ ਕਿ ਇੱਕ ਸਮਾਜ ਸੁਧਾਰਕ ਸਨ ਉਹਨਾਂ ਨੇ ਸਵਿੱਤਰੀ ਬਾਈ ਨੂੰ ਪੜ੍ਹਨਾ-ਲਿਖਣਾ ਸਿਖਾਇਆ ਅਤੇ ਪੁਣੇ ਤੇ ਅਹਿਮਦਨਗਰ ਵਿਖੇ ਅਧਿਆਪਕ ਬਣਨ ਦੀ ਸਿਖਲਾਈ ਦਿਵਾਈ। ਉਸ ਸਮੇਂ ਔਰਤਾਂ ਨੂੰ ਪੜ੍ਹਨ ਦੀ ਮਨਾਹੀ ਸੀ। ਸਮਾਜ ਵਿੱਚ ਔਰਤਾਂ ਅਤੇ ਨੀਵੀਆਂ ਜਾਤੀਆਂ ਦੀ ਸਿੱਖਿਆ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਸੀ। ਜਦੋਂ ਉਹ ਸਕੂਲ ਪੜ੍ਹਨ ਜਾਂਦੇ ਤਾਂ ਰਸਤੇ ਵਿੱਚ ਲੋਕ ਉਹਨਾਂ ਉੱਤੇ ਪੱਥਰ,ਚਿੱਕੜ,ਗੰਦਗੀ, ਗੋਹਾ ਸੁੱਟਦੇ ਪਰ ਸਾਵਿੱਤਰੀ ਬਾਈ ਫੂਲੇ ਦ੍ਰਿੜ ਇਰਾਦੇ ਨਾਲ ਆਪਣੀ ਮੰਜ਼ਿਲ ਵੱਲ ਵਧਦੇ ਰਹਿੰਦੇ। ਉਹ ਆਪਣੇ ਨਾਲ ਇੱਕ ਵਾਧੂ ਸਾੜੀ ਰੱਖਦੇ। ਉਹ ਰੋਜ਼ਾਨਾ ਸਕੂਲ ਜਾਂਦੇ ਅਤੇ ਗੰਦਗੀ ਨਾਲ ਲਿਬੜੇ ਹੋਏ ਕੱਪੜੇ ਸਕੂਲ ਵਿੱਚ ਬਦਲ ਲੈਂਦੇ ਸਨ।
1847 ਵਿੱਚ ਉਹਨਾਂ ਨੇ ਪ੍ਰੀਖਿਆ ਪਾਸ ਕੀਤੀ। ਉਹ ਦੋਵੇਂ ਘਰ ਤੋਂ ਚਲੇ ਗਏ। ਜੋਤੀਬਾ ਫੂਲੇ ਦੇ ਦੋਸਤ ਉਸਮਾਨ ਸੇਖ ਅਤੇ ਉਸਦੀ ਭੈਣ ਫਾਤਿਮਾ ਸੇਖ ਨੇ ਉਹਨਾਂ ਨੂੰ ਆਸਰਾ ਦਿੱਤਾ। ਉਹਨਾਂ ਨੇ ਆਪਣੇ ਪਤੀ ਨਾਲ ਮਿਲ ਕੇ 1848 ਵਿੱਚ ਭੀੜੇਵਾੜਾ (ਪੁਣੇ) ਵਿੱਚ ਲੜਕੀਆਂ ਲਈ ਭਾਰਤ ਦਾ ਪਹਿਲਾ ਸਕੂਲ ਖੋਲ੍ਹਿਆ। ਇਹ ਦੇਖ ਕੇ ਸਮਾਜ ਦੇ ਲੋਕਾਂ ਨੇ ਉਹਨਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਸਮਾਜਿਕ ਬਾਈਕਾਟ ਕੀਤਾ। ਉਹ ਆਧੁਨਿਕ ਭਾਰਤ ਦੀ ਪਹਿਲੀ ਔਰਤ ਅਧਿਆਪਕਾ ਬਣੀ। ਜਿਸ ਨੇ ਦਲਿਤਾਂ ਅਤੇ ਪਛੜੀਆਂ ਜਾਤੀਆਂ ਦੀ ਸਿੱਖਿਆ ਅਤੇ ਅਧਿਕਾਰਾਂ ਲਈ ਵੀ ਸੰਘਰਸ਼ ਕੀਤਾ। ਉਸਨੇ ਵਿਧਵਾਵਾਂ ਅਤੇ ਅਨਾਥ ਬੱਚਿਆਂ ਦੀ ਸਹਾਇਤਾ ਲਈ "ਬਾਲ ਹੱਤਿਆ ਪ੍ਰਤਿਬੰਧਕ ਗ੍ਰਹਿ" ਨਾਮਕ ਸੰਸਥਾ ਵੀ ਸਥਾਪਿਤ ਕੀਤੀ। ਉਨਾਂ ਨੇ ਸਮਾਜਿਕ ਬੁਰਾਈਆਂ ਭਰੂਣ ਹੱਤਿਆ,ਬਾਲ ਵਿਆਹ, ਸਤੀ ਪ੍ਰਥਾ, ਖਿਲਾਫ਼ ਆਵਾਜ਼ ਬੁਲੰਦ ਕੀਤੀ। ਉਨਾਂ ਨੇ ਲੜਕੀਆਂ ਨੂੰ ਸਿੱਖਿਆ ਦਾ ਅਧਿਕਾਰ ਦੇਣ, ਵਿਧਵਾ ਪੁਨਰ ਵਿਆਹ ਕਰਨ ਦੀ ਮੰਗ ਉੱਤੇ ਜ਼ੋਰ ਦਿੱਤਾ। ਲੜਕੀਆਂ ਤੇ ਔਰਤਾਂ ਨੂੰ ਸਿੱਖਿਅਤ ਕਰਨ ਕਰਕੇ ਬ੍ਰਿਟਿਸ਼ ਸਰਕਾਰ ਨੇ ਇਸ ਜੋੜੇ ਨੂੰ 1852 ਵਿੱਚ ਸਨਮਾਨਿਤ ਕੀਤਾ।
1853 ਵਿੱਚ ਜੋਤੀਬਾ ਫੂਲੇ ਅਤੇ ਸਾਵਿੱਤਰੀ ਬਾਈ ਨੇ ਮਿਲ ਕੇ ਆਸ-ਪਾਸ ਦੇ ਇਲਾਕੇ ਦੇ ਸਾਰੇ ਵਰਗਾਂ ਦੀਆਂ ਲੜਕੀਆਂ,ਔਰਤਾਂ ਲਈ ਸਕੂਲ ਪੁਣੇ ਵਿੱਚ ਕਈ ਸਕੂਲ ਸਥਾਪਿਤ ਕੀਤੇ, ਜਿਨ੍ਹਾਂ ਵਿੱਚ ਲੜਕੀਆਂ, ਦਲਿਤ ਅਤੇ ਪਛੜੇ ਵਰਗਾਂ ਦੇ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਸੀ। ਇਹ ਸਕੂਲ ਸਮਾਜਕ ਸਮਾਨਤਾ ਅਤੇ ਸਿੱਖਿਆ ਦੇ ਅਧਿਕਾਰ ਨੂੰ ਉਤਸ਼ਾਹਿਤ ਕਰਨ ਦਾ ਪ੍ਰਤੀਕ ਸਨ। ਉਸਦੀਆਂ ਸਮਾਜ ਸੁਧਾਰਕ ਸੇਵਾਵਾਂ ਨੇ ਭਾਰਤੀ ਸਮਾਜ ਵਿੱਚ ਔਰਤਾਂ ਦੀ ਸਥਿਤੀ ਨੂੰ ਸੁਧਾਰਨ ਵਿੱਚ ਅਹਿਮ ਭੂਮਿਕਾ ਨਿਭਾਈ।
1854 ਵਿੱਚ ਉਹਨਾਂ ਨੇ ਬਾਲ-ਬਧੂ, ਵਿਧਵਾ ਔਰਤਾਂ,ਬੇਸਹਾਰਾ ਔਰਤਾਂ ਲਈ ਇੱਕ ਆਸ਼ਰਮ ਖੋਲ੍ਹਿਆ ਜੋ ਕਿ 1864 ਈਸਵੀ ਵਿੱਚ ਵੱਡੇ ਪੱਧਰ ਤੇ ਕਾਮਯਾਬ ਹੋਇਆ। ਉਹਨਾਂ ਨੇ ਲੜਕੀਆਂ ਨੂੰ ਅਕੈਡਮਿਕ ਸਿੱਖਿਆ ਦੇ ਨਾਲ਼ ਹੁਨਰ ਦੀ ਸਿਖਲਾਈ ਸਿਲਾਈ,ਕਢਾਈ,ਬੁਣਾਈ ਦਾ ਕੰਮ ਸਿਖਾਇਆ ਤਾਂ ਜੋ ਔਰਤਾਂ ਆਪਣੇ ਪੈਰਾਂ ਉੱਤੇ ਖੜ੍ਹਾ ਹੋ ਸਕਣ। ਉਹ ਔਰਤਾਂ ਨੂੰ ਅਨਿਆਂ ਖਿਲਾਫ਼ ਲੜਨ, ਸਵਾਲ ਪੁੱਛਣ,ਆਪਣੇ ਹੱਕਾਂ ਤੇ ਅਧਿਕਾਰਾਂ ਦੀ ਰੱਖਿਆ ਕਰਨ ਲਈ ਜਾਗਰੂਕ ਕਰਦੇ ਰਹਿੰਦੇ ਸਨ। ਉਹ ਪਰੰਪਰਾਵਾਦੀ ਅਤੇ ਰੂੜੀਵਾਦੀ ਸੋਚ ਦੇ ਖਿਲਾਫ਼ ਅਤੇ ਪ੍ਰਗਤੀਸ਼ੀਲ ਸੋਚ ਦੇ ਧਾਰਨੀ ਸਨ। ਉਹਨਾਂ ਦੀਆਂ ਕਵਿਤਾਵਾਂ ਨੇ ਔਰਤਾਂ ਨੂੰ ਸਿੱਖਿਆ ਅਤੇ ਆਤਮ ਸਨਮਾਨ ਪਾਉਣ ਲਈ ਪ੍ਰੇਰਿਤ ਕੀਤਾ।
ਜੋਤੀਬਾ ਫੂਲੇ ਅਤੇ ਸਾਵਿੱਤਰੀ ਬਾਈ ਫੂਲੇ ਨੇ ਮਿਲ ਕੇ ਸੱਤਿਆ ਸੋਧਕ ਸਮਾਜ ਦੀ ਸਥਾਪਨਾ ਕੀਤੀ। ਜਿਸ ਦਾ ਉਦੇਸ਼ ਸਮਾਨਤਾ ਨੂੰ ਵਧਾਉਣਾ ਅਤੇ ਜਾਤੀ ਪ੍ਰਥਾ ਦੇ ਖਿਲਾਫ਼ ਲੜਨਾ ਸੀ। ਜਾਤੀ ਪ੍ਰਥਾ ਤੋੜਨ ਲਈ ਉਹਨਾਂ ਨੇ ਅੰਤਰਜਾਤੀ ਵਿਆਹ ਦਾ ਪ੍ਰਬੰਧ ਕੀਤਾ ਅਤੇ ਉਸਦਾ ਸਮਰਥਨ ਵੀ ਕੀਤਾ। ਉਨ੍ਹਾਂ ਨੇ ਮਜ਼ਦੂਰ ਵਰਗ ਅਤੇ ਕੰਮਕਾਜੀ ਲੋਕਾਂ ਲਈ ਰਾਤ ਦੇ ਸਕੂਲ ਸ਼ੁਰੂ ਕੀਤੇ, ਜਿਸ ਨਾਲ ਉਹ ਦਿਨ ਵੇਲੇ ਕੰਮ ਕਰਨ ਵਾਲੇ ਲੋਕ ਵੀ ਸਿੱਖਿਆ ਹਾਸਲ ਕਰ ਸਕਣ ਤੇ ਬਾਲਗ ਸਿੱਖਿਆ ਦੀ ਮੁਹਿੰਮ ਵੀ ਚਲਾਈ।
1876-77 ਦੇ ਸਮੇਂ ਪਏ ਅਕਾਲ ਦੇ ਸਮੇਂ ਵਿੱਚ ਉਹਨਾਂ ਨੇ ਲੋਕਾਂ ਦੀ ਕਾਫ਼ੀ ਮਦਦ ਕੀਤੀ।ਉਸ ਨੇ ਕਵਿਤਾਵਾਂ ਅਤੇ ਸਾਹਿਤ ਰਾਹੀਂ ਸਿੱਖਿਆ ਅਤੇ ਸਮਾਜਕ ਜਾਗਰੂਕਤਾ ਨੂੰ ਉਤਸ਼ਾਹਿਤ ਕੀਤਾ। ਉਸਦੀਆਂ ਰਚਨਾਵਾਂ, ਕਾਵਯਫੂਲੇ 1854, ਅਤੇ ਦੂਸਰਾ “ਬਾਵਨ ਕਾਸ਼ੀ ਸੁਬੋਧ ਰਤਨਾਕਰ’ (1892 ਈ.)। ਪਹਿਲਾ ਕਾਵਿ-ਸੰਗ੍ਰਹਿ ਛਪਣ ਸਮੇਂ ਸਾਵਿੱਤਰੀ ਬਾਈ ਫੂਲੇ ਦੀ ਉਮਰ 23 ਸਾਲ ਸੀ। ਇਸ ਸੰਗ੍ਰਹਿ ਵਿੱਚ ਧਰਮ, ਧਰਮ ਸ਼ਾਸਤਰ, ਧਾਰਮਿਕ ਪਾਖੰਡਾਂ ਤੇ ਕੁਰੀਤੀਆਂ ਖ਼ਿਲਾਫ਼ ਲਿਖਿਆ ਗਿਆ ਹੈ। ਸਾਵਿੱਤਰੀ ਬਾਈ ਫੂਲੇ ਦਾ ਦੂਜਾ ਕਾਵਿ ਸੰਗ੍ਰਹਿ "ਬਾਵਨਕਸ਼ੀ ਸੁਬੋਧ ਰਤਨਾਕਰ" ਸਮੁੱਚੇ ਤੌਰ ’ਤੇ ਜੋਤਿਬਾ ਫੂਲੇ ਨੂੰ ਸਮਰਪਿਤ ਹੈ, ਜਿਸ ਵਿੱਚ ਫੂਲੇ ਜੀ ਦੀਆਂ ਪ੍ਰਮੁੱਖ ਘਟਨਾਵਾਂ ਨੂੰ ਤੇ ਵਿਚਾਰਾਂ ਵਿੱਚ ਕਾਵਿ ਦਾ ਰੂਪ ਦਿੱਤਾ ਗਿਆ ਹੈ। ਉਹਨਾਂ ਦੀ ਮਸ਼ਹੂਰ ਕਵਿਤਾ...
ਜਾਓ ਜਾਕਰ ਪੜ੍ਹੋ-ਲਿਖੋ
ਬਨੋ ਆਤਮਨਿਰਭਰ, ਬਨੋ ਮੇਹਨਤੀ
ਕਾਮ ਕਰੋ-ਗਿਆਨ ਔਰ ਧਨ ਇਕਠਾ ਕਰੋ
ਗਿਆਨ ਕੇ ਬਿਨਾ ਸਬ ਖੋ ਜਾਤਾ ਹੈ
ਗਿਆਨ ਕੇ ਬਿਨਾ ਹਮ ਜਾਨਵਰ ਬਨ ਜਾਤੇ ਹੈਂ
ਇਸ ਲਿਏ ਖਾਲੀ ਨਾ ਬੈਠੋ, ਜਾਓ, ਜਾਕਰ ਸ਼ਿਕਸ਼ਾ ਲੋ
ਦਮਿਤੋਂ ਔਰ ਤਿਆਗ ਦਿਏ ਗਯੋਂ ਕੇ ਦੁਖੋਂ ਕਾ ਅੰਤ ਕਰੋ
ਤੁਮ੍ਹਾਰੇ ਪਾਸ ਸੀਖਨੇ ਕਾ ਸੁਨਹਰਾ ਮੌਕਾ ਹੈ
ਇਸ ਲਿਏ ਸੀਖੋ ਔਰ ਜਾਤਿ ਕੇ ਬੰਧਨ ਤੋੜ ਦੋ
ਬ੍ਰਾਹਮਣੋਂ ਕੇ ਗ੍ਰੰਥ ਜਲਦੀ ਸੇ ਜਲਦੀ ਫੇਂਕ ਦੋ।
ਉਹ ਲਿਖਦੇ ਹਨ ਕਿ ਕਲਮ ਦੀ ਤਾਕਤ, ਤਲਵਾਰ ਦੀ ਤਾਕਤ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਹੋ ਸਕਦੀ ਹੈ।
ਇਹਨਾਂ ਦੀ ਕੋਈ ਆਪਣੀ ਔਲਾਦ ਨਹੀਂ ਸੀ, ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਬ੍ਰਾਹਮਣ ਵਿਧਵਾ ਤੋਂ ਪੈਦਾ ਹੋਏ ਇੱਕ ਪੁੱਤਰ ਯਸ਼ਵੰਤਰਾਓ ਨੂੰ ਗੋਦ ਲਿਆ। ਉਸਨੂੰ ਪੜ੍ਹਾ-ਲਿਖਾ ਕੇ ਡਾਕਟਰ ਬਣਾਇਆ। ਜਦੋਂ ਯਸ਼ਵੰਤ ਦਾ ਵਿਆਹ ਹੋਣ ਵਾਲਾ ਸੀ ਤਾਂ ਕੋਈ ਵੀ ਉਸ ਨੂੰ ਲੜਕੀ ਦੇਣ ਲਈ ਤਿਆਰ ਨਹੀਂ ਸੀ ਕਿਉਂਕਿ ਉਹ ਵਿਧਵਾ ਦੇ ਘਰ ਪੈਦਾ ਹੋਇਆ ਸੀ। ਇਸ ਲਈ ਸਵਿੱਤਰੀ ਬਾਈ ਨੇ ਫਰਵਰੀ 1889 ਵਿੱਚ ਆਪਣੀ ਸੰਸਥਾ ਦੇ ਵਰਕਰ ਡਾਇਨੋਬਾ ਸਾਸਾਨੇ ਦੀ ਧੀ ਨਾਲ਼, ਉਸ ਦਾ ਵਿਆਹ ਕਰਵਾਇਆ। 1890 ਵਿੱਚ ਆਪਣੇ ਪਤੀ ਦੀ ਮੌਤ ਹੋਣ 'ਤੇ ਉਨ੍ਹਾਂ ਨੇ ਖੁਦ ਚਿਖ਼ਾ ਨੂੰ ਅਗਨੀ ਭੇਂਟ ਕੀਤੀ। ਇਸ ਤਰ੍ਹਾਂ ਕਰਕੇ ਉਨ੍ਹਾਂ ਨੇ ਸਮਾਜਿਕ ਰੀਤੀ-ਰਿਵਾਜਾਂ ਦੇ ਉਲਟ ਕੰਮ ਕੀਤਾ।
1897 ਵਿੱਚ ਪਈ ਪਲੇਗ ਦੀ ਬਿਮਾਰੀ ਕਾਰਨ ਉਹ ਬੱਚਿਆਂ, ਬਜ਼ੁਰਗਾਂ, ਔਰਤਾਂ ਦੇ ਇਲਾਜ ਲਈ ਆਪਣੇ ਪੁੱਤਰ ਨਾਲ਼ ਸਹਾਇਤਾ ਕੈੰਪ ਵਿੱਚ ਅਹਿਮ ਭੂਮਿਕਾ ਨਿਭਾਉਣ ਕਾਰਨ ਉਹ ਪਲੇਗ ਦੀ ਲਪੇਟ ਵਿੱਚ ਆ ਗਏ। 10 ਮਾਰਚ 1897 ਨੂੰ 66 ਸਾਲ ਦੀ ਉਮਰ ਵਿੱਚ ਉਹ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ। ਉਹਨਾਂ ਦੇ ਨਾਂ ਉੱਤੇ ਸਾਵਿੱਤਰੀ ਬਾਈ ਫੂਲੇ ਯੂਨੀਵਰਸਿਟੀ ਪੁਣੇ ਮਹਾਰਾਸ਼ਟਰ,ਸਕੂਲ, ਕਾਲਜ, ਖੇਡ ਸੰਸਥਾਵਾਂ, ਸਮਾਜਸੇਵੀ ਸੰਸਥਾਵਾਂ, ਫ਼ਿਲਮਾਂ,ਨਾਟਕ,ਸੀਰੀਅਲ ਆਦਿ ਬਣੇ ਹਨ। ਭਾਰਤ ਸਰਕਾਰ ਨੇ 1998 ਵਿੱਚ ਉਹਨਾਂ ਦੇ ਨਾਂ ਤੇ ਡਾਕ ਟਿਕਟ ਜਾਰੀ ਕੀਤੀ। ਜੁਲਾਈ 2025 ਵਿੱਚ, ਕੇਂਦਰ ਸਰਕਾਰ ਨੇ ਮਹਿਲਾ ਅਤੇ ਬਾਲ ਵਿਕਾਸ ਦੇ ਖੇਤਰ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਦਾ ਸਨਮਾਨ ਕਰਨ ਲਈ ' ਰਾਸ਼ਟਰੀ ਮਹਿਲਾ ਅਤੇ ਬਾਲ ਵਿਕਾਸ ਵਿਭਾਗ ' ਦਾ ਨਾਮ ਬਦਲ ਕੇ ਸਾਵਿੱਤਰੀ ਬਾਈ ਫੂਲੇ ਰਾਸ਼ਟਰੀ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਰੱਖ ਦਿੱਤਾ ਹੈ।
ਕੁਲਦੀਪ ਸਿੰਘ ਫਤਿਹ ਮਾਜਰੀ।
ਲਿਖ਼ਤ ਮਿਤੀ 03 ਸਤੰਬਰ 2025
ਮੋ : 81460-00612