ਬਰਨਾਲਾ 4 ਸਤੰਬਰ (ਧਰਮਪਾਲ ਸਿੰਘ)- ਪਿਛਲੇ ਕਈ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਧਨੌਲਾ ਰੋਡ ਤੇ ਸਥਿਤ ਦਸ਼ਮੇਸ਼ ਨਗਰ ਬਰਨਾਲਾ ਵਿਖੇ ਘਰ ਦੀ ਛੱਤ ਡਿੱਗ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਧਨੌਲਾ ਰੋਡ ਤੇ ਦਸ਼ਮੇਸ਼ ਨਗਰ ਦੇ ਨਿਵਾਸੀ ਅਮਰਜੀਤ ਸਿੰਘ ਪੁੱਤਰ ਨਿਰੰਜਨ ਸਿੰਘ ਦੇ ਘਰ ਦੀ ਛੱਤ ਭਾਰੀ ਬਾਰਿਸ਼ ਕਾਰਨ ਗਿਰ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਮਰਜੀਤ ਸਿੰਘ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਬੀਤੀ ਰਾਤ ਉਹਨਾਂ ਦੇ ਘਰ ਦੀ ਛੱਤ ਗਿਰ ਗਈ। ਜਿਸ ਨਾਲ ਘਰ ਵਿੱਚ ਪਿਆ ਸਾਰਾ ਸਮਾਨ ਨੁਕਸਾਨਿਆ ਗਿਆ, ਜਿਸ ਵਿੱਚ ਟੀਵੀ, ਕੰਪਿਊਟਰ ਤੋਂ ਇਲਾਵਾ ਹੋਰ ਘਰੇਲੂ ਸਮਾਨ ਵੀ ਸ਼ਾਮਲ ਸੀ। ਪ੍ਰੰਤੂ ਜਾਨੀ ਨੁਕਸਾਨ ਤੋਂ ਬਚਾਵ ਰਿਹਾ। ਉਹਨਾਂ ਪ੍ਰਸ਼ਾਸਨ ਅੱਗੇ ਬੇਨਤੀ ਕਰਦਿਆਂ ਕਿਹਾ ਕਿ ਉਹ ਇੱਕ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ। ਜਿਸ ਨੇ ਬੜੀ ਮੁਸ਼ਕਿਲ ਨਾਲ ਆਪਣਾ ਘਰ ਬਣਾਇਆ ਸੀ ਪ੍ਰੰਤੂ ਕੁਦਰਤੀ ਆਪਦਾ ਵਿੱਚ ਸਭ ਕੁਝ ਬਰਬਾਦ ਹੋ ਗਿਆ। ਇਸ ਲਈ ਪ੍ਰਸ਼ਾਸਨ ਉਸਨੂੰ ਆਪਣਾ ਘਰ ਦੁਬਾਰਾ ਬਣਾਉਣ ਲਈ ਯੋਗ ਮੁਆਵਜ਼ਾ ਦੇਵੇ।