-ਮਨਰੇਗਾ ਦਾ ਨਾਮ ਬਦਲ ਕੇ ਕਿਰਤ ਕਾਨੂੰਨਾਂ ਨੂੰ ਖੋਖਲਾ ਕਰ ਰਹੀ ਮੋਦੀ ਸਰਕਾਰ
ਬਰਨਾਲਾ, 14 ਜਨਵਰੀ (ਧਰਮਪਾਲ ਸਿੰਘ, ਬਲਜੀਤ ਕੌਰ): ਭਰਾਤਰੀ ਜੱਥੇਬੰਦੀਆਂ ਵੱਲੋਂ ਬਲਿਦਾਨ ਦੇ ਕੇ ਜੋ ਕਿਰਤ ਕਾਨੂੰਨ ਲਾਗੂ ਕਰਵਾਏ ਗਏ ਸਨ ਉਨ੍ਹਾਂ ਨੂੰ ਭਾਜਪਾ ਸਰਕਾਰ ਨੇ ਪਹਿਲਾ ਚਾਰ ਲੇਬਰ ਕੋਰਟਾਂ ਵਿੱਚ ਵੰਡ ਦਿੱਤਾ ਅਤੇ ਹੁਣ ਮਨਰੇਗਾ ਸਕੀਮ ਦਾ ਨਾਮ ਬਦਲ ਕੇ ਜੀ ਰਾਮ ਜੀ ਕਰ ਦਿੱਤਾ ਹੈ ਜਿਸਦੇ ਸਿੱਟੇ ਮਜ਼ਦੂਰ ਲਈ ਚਿੰਤਾਜਨਕ ਹੋਣਗੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਮਰੇਡ ਜੱਥੇਦਾਰ ਹਰਦਿੱਤ ਸਿੰਘ ਭੱਠਲ ਭਵਨ ਦਫਤਰ ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਸ਼ਹੀਦ ਭਗਤ ਸਿੰਘ ਨਗਰ ਬਰਨਾਲਾ ਵਿਖੇ ਸੀਨੀਅਰ ਆਗੂ ਪਰਮਜੀਤ ਕੌਰ ਗੁੰਮਟੀ ਦੀ ਅਗਵਾਈ ਹੇਠ ਹੋਈ ਮੀਟਿੰਗ ਉਪਰੰਤ ਸੀਪੀਆਈ ਐਮ ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਨੇ ਕੀਤਾ। ਉਨ੍ਹਾਂ ਦੱਸਿਆ ਕਿ ਮਨਰੇਗਾ ਸਕੀਮ ਨੂੰ ਬਣਾਉਣ ਅਤੇ ਲਾਗੂ ਕਰਵਾਉਣ ਵਿੱਚ ਮਰਹੂਮ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦਾ ਵੱਡਾ ਯੋਗਦਾਨ ਸੀ ਜਿਨ੍ਹਾਂ ਕਾਂਗਰਸ ਸਰਕਾਰ ਸਮੇਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ ਲਾਗੂ ਕਰਵਾਇਆ ਸੀ ਤਾਂ ਜੋ ਮਜ਼ਦੂਰਾਂ ਨੂੰ ਸਮਾਜ ਅੰਦਰ ਰੁਜਗਾਰ ਮਿਲ ਸਕੇ ਅਤੇ ਪੱਕੇ ਰੁਜਗਾਰ ਦੇ ਨਾਲ ਨਾਲ ਉਨ੍ਹਾਂ ਨੂੰ ਵਿੱਤੀ ਪੱਧਰ ਉਪਰ ਵੀ ਉੱਚਾ ਚੁੱਕਣ ਦਾ ਉਪਰਾਲਾ ਕੀਤਾ ਸੀ ਜਿਸ ਤਹਿਤ ਵੱਡੀ ਗਿਣਤੀ ਵਿੱਚ ਮਜ਼ਦੂਰਾਂ ਨੂੰ ਪੂਰੇ ਭਾਰਤ ਅੰਦਰ 100 ਦਿਨ ਰੁਜਗਾਰ ਦੀ ਗਰੰਟੀ ਮਿਲੀ ਸੀ। ਜਦਕਿ ਮੋਦੀ ਸਰਕਾਰ ਵੱਲੋਂ ਕਾਂਗਰਸ ਵੇਲੇ ਬਣੀ ਮਨਰੇਗਾ ਸਕੀਮ ਦਾ ਨਾਮ ਬਦਲ ਕੇ ਹੁਣ ਜੀ ਰਾਮ ਜੀ ਕਰ ਦਿੱਤਾ ਗਿਆ ਹੈ ਜਿਸ ਤੋਂ ਸਾਫ ਹੈ ਕਿ ਮੋਦੀ ਸਰਕਾਰ ਸਿਰਫ ਸਿਆਸਤ ਕਰ ਰਹੀ ਹੈ ਅਤੇ ਇਨ੍ਹਾਂ ਸਕੀਮਾਂ ਦੇ ਨਾਮ ਬਦਲਣ ਦੇ ਨਾਲ ਨਾਲ ਇਨ੍ਹਾਂ ਨੂੰ ਹੋਰ ਖੋਖਲਾ ਕਰ ਰਹੀ ਹੈ ਜਿਸ ਕਾਰਨ ਜੋ ਮਜ਼ਦੂਰਾਂ ਨੂੰ ਉਨਾਂ ਦੇ ਹੱਕ ਮਿਲੇ ਸਨ ਉਨ੍ਹਾਂ ਨੂੰ ਮਜ਼ਦੂਰਾਂ ਤੋਂ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦਾ ਉਹ ਪੁਰਜ਼ੋਰ ਵਿਰੋਧ ਕਰਦੇ ਹਨ। ਮੋਦੀ ਸਰਕਾਰ ਵੱਲੋਂ ਬਿਜਲੀ ਬਿੱਲ 2025 ਲਾਗੂ ਕੀਤਾ ਜਾ ਰਿਹਾ ਹੈ ਜਿਸ ਨਾਲ ਆਮ ਲੋਕਾਂ ਦੀ ਜ਼ਿੰਦਗੀ ਵਿੱਚ ਮੁਸ਼ਕਿਲਾਂ ਵੱਧਣਗੀਆਂ ਅਤੇ ਜੇਕਰ ਇਹ ਲਾਗੂ ਹੁੰਦਾ ਹੈ ਤਾਂ ਮਜ਼ਦੂਰ ਉਪਰ ਆਰਥਿਕ ਬੋਝ ਵੱਧੇਗਾ ਅਤੇ ਮੋਦੀ ਸਰਕਾਰ ਆਮ ਲੋਕਾਂ ਦੀ ਨਹੀਂ ਸਗੋਂ ਕਾਰਪੋਰੇਟ ਘਰਾਣਿਆ ਨੂੰ ਖੁੁਸ਼ ਕਰਨ ਲਈ ਇਹ ਨਵੀਆਂ ਨੀਤੀਆਂ ਬਣਾ ਰਹੀ ਹੈ।ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੀ ਕੇਂਦਰ ਸਰਕਾਰ ਦੀਆਂ ਨੀਤੀਆ ਉਪਰ ਚੱਲ ਰਹੀ ਹੈ ਜੋ ਚੋਣਾਂ ਤੋਂ ਪਹਿਲਾ ਆਮ ਆਦਮੀ ਪਾਰਟੀ ਵੱਲੋਂ ਵਾਅਦੇ ਕੀਤੇ ਗਏ ਸਨ ਉਨ੍ਹਾਂ ਨੂੰ ਪੂਰਾ ਕਰਨ ਵਿੱਚ ਫੇਲ ਸਾਬਤ ਹੋਈ ਹੈ। ਰੁਜ਼ਗਾਰ ਮੰਗਦੇ ਨੌਜਵਾਨਾਂ ਦੀ ਆਵਾਜ਼ ਨੂੰ ਪੁਲਿਸ ਪ੍ਰਸ਼ਾਸਨ ਦੇੇ ਜ਼ੋਰ ਹੇਠ ਦਵਾਇਆ ਜਾ ਰਿਹਾ ਹੈ। ਸੂਬੇ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਵਿੱਚ ਦਿਨੋਂ ਦਿਨ ਬਦਹਾਲ ਹੋ ਰਹੀ ਹੈ ਅਤੇ ਆਏ ਦਿਨ ਗੋਲੀਆਂ ਚੱਲਣ ਅਤੇ ਲੁੱਟ ਖੋਹ ਦੀਆਂ ਬਾਰਦਾਤਾਂ ਵੀ ਵੱਧਣ ਲੱਗ ਗਈਆ ਹਨ ਜਿਸ ਉਪਰ ਕਾਬੂ ਪਾਉਣ 'ਚ ਸਰਕਾਰ ਅਸਫਲ ਰਹੀ ਹੈ ਅਤੇ ਸੂਬੇ ਦੇ ਅਸਲੀ ਹਾਲਤਾ ਬਾਬਤ ਹੱਕ ਸੱਚ ਦੀ ਆਵਾਜ਼ ਉਠਾਉਣ ਵਾਲੇ ਪੱਤਰਕਾਰਾਂ ਉਪਰ ਸਰਕਾਰ ਵੱਲੋਂ ਪਰਚੇ ਦਰਜ ਕਰਕੇ ਉਨ੍ਹਾਂ ਦੀ ਆਵਾਜ਼ ਨੂੰ ਵੀ ਚੁੱਪ ਕਰਵਾਉਣ ਦੀ ਕੋਝੀ ਕੋਸ਼ਿਸ ਹੋ ਰਹੀ ਹੈ ਜੋ ਲੋਕਤੰਤਰ ਦੇ ਚੌਥੇ ਥੰਮ ਉਪਰ ਸਿੱਧਾ ਹਮਲਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੱਤਰਕਾਰਾਂ ਉਪਰ ਦਰਜ ਝੂਠੇ ਮੁਕਦਮਿਆਂ ਨੂੰ ਵੀ ਜਲਦ ਰੱਦ ਕੀਤਾ ਜਾਵੇ। ਇਸ ਮੌਕੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਦੀ ਅਗਵਾਈ ਹੇਠ ਸਮੂਹ ਆਗੂਆਂ ਅਤੇ ਵਰਕਰਾਂ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਜਿਲਾ ਸੈਕਟਰੀ ਰਜਿੰਦਰ ਸਿੰਘ ਕਾਹਨੇਕੇ, ਸਾਬਕਾ ਵਿਧਾਇਕ ਚੰਦ ਸਿੰਘ ਚੋਪੜਾ, ਭੂਪ ਚੰਦ, ਅਬਦੁਲ ਸਤਾਰ, ਚਮਕੌਰ ਸਿੰਘ ਖੇੜੀ, ਬਲਵੀਰ ਸਿੰਘ ਹਡਿਆਇਆ, ਬਲਵੰਤ ਸਿੰਘ ਨਿਹਾਲੂਵਾਲ, ਛੋਟਾ ਸਿੰਘ ਧਨੌਲਾ ਆਦਿ ਹਾਜ਼ਰ ਸਨ।

