ਡੇਹਲੋਂ 7 ਅਗਸਤ (ਰਣਬੀਰ ਸਿੰਘ ਮਹਿਮੀ) ਨਰਮੇ ਦੀ ਫ਼ਸਲ ਦੀ ਨਿਰੋਗ ਕਾਸ਼ਤ ਲਈ ਇਕ ਸ਼ਾਨਦਾਰ ਖੋਜ ਨੂੰ ਸਾਹਮਣੇ ਲਿਆਉਂਦਿਆਂ ਪੀਏਯੂ ਲੁਧਿਆਣਾ, ਨਰਮੇ ਵਿੱਚ ਪੱਤਾ ਮਰੋੜ ਬਿਮਾਰੀ (ਸੀਐੱਲਸੀਯੂਡੀ) ਦਾ ਸਾਹਮਣਾ ਕਰਨ ਦੀ ਸਮਰੱਥਾ ਪੈਦਾ ਕਰਨ ਲਈ ਜੰਗਲੀ ਕਪਾਹ (ਗੌਸੀਪੀਅਮ ਆਰਮੋਰੀਐਨਮ) ਦੀ ਸਫ਼ਲਤਾਪੂਰਵਕ ਵਰਤੋਂ ਕਰਨ ਵਾਲਾ ਵਿਸ਼ਵ ਦਾ ਪਹਿਲਾ ਖੋਜ ਸੰਸਥਾਨ ਬਣ ਗਿਆ ਹੈ।ਇਸ ਮਹੱਤਵਪੂਰਨ ਵਿਕਾਸ ਦੀ ਜਾਣਕਾਰੀ ਪੀਏਯੂ ਦੇ ਵਾਈਸ-ਚਾਂਸਲਰਡਾ. ਸਤਿਬੀਰ ਸਿੰਘ ਗੋਸਲ ਨੇ ਦਿੱਤੀ। ਉਨ੍ਹਾਂ ਇਸ ਖੋਜ ਬਾਰੇ ਹੋਰ ਦੱਸਦਿਆਂ ਕਿਹਾ ਕਿ ਉੱਤਰੀ ਭਾਰਤ ਵਿੱਚ ਪੱਤਾ ਮਰੋੜ ਬਿਮਾਰੀ ਰੋਧਕ ਨਰਮੇ ਦੀ ਕਾਸ਼ਤ ਨਾਲ ਉੱਚ ਝਾੜ ਅਤੇ ਸਥਿਰ ਉਤਪਾਦਨ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ। ਡਾ. ਗੋਸਲ ਨੇ ਦੱਸਿਆ ਕਿ ਪੱਤਾ ਮਰੋੜ ਬਿਮਾਰੀ ਉੱਤਰ ਭਾਰਤੀ ਰਾਜਾਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਨਾਲ-ਨਾਲ ਪਾਕਿਸਤਾਨ ਵਿੱਚ ਨਰਮੇ ਦੇ ਉਪਤਾਦਨ ਨੂੰ ਪ੍ਰਭਾਵਿਤ ਕਰਨ ਵਾਲੀ ਸਭ ਤੋਂ ਗੰਭੀਰ ਬਿਮਾਰੀ ਹੈ। ਚੀਨ ਵਿੱਚ ਵੀ ਇਹ ਬਿਮਾਰੀ ਸਾਹਮਣੇਆਈ ਹੈ ਅੰਤਰਰਾਸ਼ਟਰੀ ਨਰਮਾ ਸਲਾਹਕਾਰ ਕਮੇਟੀ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਖੁਲਾਸਾ ਕੀਤਾ ਕਿ ਤਿੰਨ ਦੇਸ਼ ਭਾਰਤ, ਪਾਕਿਸਤਾਨ ਅਤੇ ਚੀਨ ਦੁਨੀਆਂ ਦੇ ਲਗਭਗ ਅੱਧੇ (49%) ਨਰਮੇ ਦਾ ਉਤਪਾਦਨ ਕਰਦੇ ਹਨ। ਵਿਸ਼ਵ ਦੇ ਨਰਮਾ ਕਾਸ਼ਤਕਾਰਾਂ ਵਿਚੋਂ ਲਗਭਗ 85% (20.44 ਮਿਲੀਅਨ) ਇਨ੍ਹਾਂ ਤਿੰਨ ਏਸ਼ੀਆਈ ਦੇਸ਼ਾਂ ਵਿੱਚ ਰਹਿੰਦੇ ਹਨ। ਇਸ ਲਈ, ਏਸ਼ੀਆ ਅਤੇ ਦੁਨੀਆਂ ਭਰ ਵਿੱਚ ਕਪਾਹ ਦੇ ਉਤਪਾਦਨ ਦੀ ਸਥਿਰਤਾ ਲਈ ਪੱਤਾ ਮਰੋੜ ਬਿਮਾਰੀ ਦੀ ਰੋਕਥਾਮ ਬਹੁਤ ਜ਼ਰੂਰੀ ਹੈ । ਪੱਤਾ ਮਰੋੜ ਬਿਮਾਰੀ ਦੇ ਲੱਛਣਾਂ ਦਾ ਵੇਰਵਾ ਦਿੰਦੇ ਹੋਏ ਟੀਮ ਲੀਡਰ ਡਾ. ਪੰਕਜ ਰਾਠੌਰ, ਪ੍ਰਿੰਸੀਪਲ ਕਪਾਹ ਬਰੀਡਰ ਅਤੇ ਫਰੀਦਕੋਟ ਵਿੱਚ ਪੀਏਯੂ ਦੇ ਖੇਤਰੀ ਖੋਜ ਕੇਂਦਰ ਦੇ ਸਾਬਕਾ ਨਿਰਦੇਸ਼ਕ ਨੇ ਦੱਸਿਆ ਕਿ ਇਹ ਬਿਮਾਰੀ ਪੱਤਿਆਂ ’ਤੇ ਛੋਟੀਆਂ ਨਾੜੀਆਂ ਦੇ ਸੰਘਣੇ ਹੋਣ ਨਾਲ ਸ਼ੁਰੂ ਹੁੰਦੀ ਹੈ, ਜਿਸ ਨਾਲ ਛੋਟੀਆਂ ਨਾੜੀਆਂ ਦਾ ਇੱਕ ਨਿਰੰਤਰ ਨੈ੍ਟੱਵਰਕ ਬਣ ਜਾਂਦਾ ਹੈ। ਹੋਰ ਲੱਛਣਾਂ ਵਿੱਚ ਪੱਤਿਆਂ ਦਾ ਉੱਪਰ ਵੱਲ ਜਾਂ ਹੇਠਾਂ ਵੱਲ ਮੁੜਨਾ ਅਤੇ ਕਈ ਮਾਮਲਿਆਂ ਵਿੱਚ, ਪੱਤਿਆਂ ਦੀ ਹੇਠਲੀ ਸਤਹ ’ਤੇ ਕੱਪ-ਆਕਾਰ ਦੇ ਵਾਧੇ ਦਾ ਬਣਨਾ, ਜਿਸਦੇ ਵਜੋਂ ਪੌਦੇ ਦਾ ਝਾੜ ਬਹੁਤ ਘੱਟ ਜਾਂਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਬਿਮਾਰੀ ਦੇ ਪ੍ਰਬੰਧਨ ਲਈ ਨਰਮੇ ਦੀਆਂ ਸਹਿਣਸ਼ੀਲ ਕਿਸਮਾਂ ਨੂੰ ਵਿਕਸਤ ਕਰਨਾ ਹੀ ਇੱਕ ਕੀਕੀ ਬਦਲ ਹੈ। ਹਾਲਾਂਕਿ ਅਤੀਤ ਵਿੱਚ ਕਈ ਸਹਿਣਸ਼ੀਲ ਕਿਸਮਾਂ ਵਿਕਸਤ ਕੀਤੀਆਂ ਗਈਆਂ ਹਨ, ਨਵੇਂ ਵਾਇਰਲ ਸਟ੍ਰੇਨਾਂ ਨੇ ਸਾਰੀਆਂ ਮੌਜੂਦਾ ਕਿਸਮਾਂ ਨੂੰ ਸੰਵੇਦਨਸ਼ੀਲ ਬਣਾ ਦਿੱਤਾ ਹੈ, ਜਿਸ ਵਿੱਚ ਬੀਟੀ ਨਰਮਾ ਹਾਈਬ੍ਰਿਡ ਵੀ ਸ਼ਾਮਲ ਹਨ ।ਡਾ. ਵਰਿੰਦਰ ਸਿੰਘ ਸੋਹੂ, ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਮੁਖੀ ਨੇ ਚਿੱਟੀ ਮੱਖੀ ਦੁਆਰਾ ਸੰਚਾਰਿਤ ਵਾਇਰਸ ਦੇ ਆਰਥਿਕ ਪ੍ਰਭਾਵਾਂ ਬਾਰੇ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਕਰਕੇ ਸਾਲ 1992 ਤੋਂ 1997 ਤੱਕ ਪਾਕਿਸਤਾਨ ਵਿੱਚ ਲਗਭਗ 5 ਬਿਲੀਅਨ ਡਾਲਰ ਦੇ ਆਰਥਿਕ ਨੁਕਸਾਨ ਅਤੇ ਉੱਤਰੀ ਭਾਰਤ ਵਿੱਚ ਨਰਮੇ ਦੇ ਝਾੜ ਵਿੱਚ 40% ਕਮੀ ਦਰਜ ਕੀਤੀ ਗਈ ਸੀ। ਉਪਜ ਦੇ ਨੁਕਸਾਨ ਤੋਂ ਇਲਾਵਾ ਪੱਤਾ ਮਰੋੜ ਬਿਮਾਰੀ ਨਰਮੇ ਦੇ ਰੇਸ਼ੇ ਦੇ ਮਿਆਰ ’ਤੇ ਵੀ ਬੁਰਾ ਪ੍ਰਭਾਵ ਪਾਉਂਦੀ ਹੈ।ਡਾ. ਧਰਮਿੰਦਰ ਪਾਠਕ ਨੇ ਸਾਂਝਾ ਕੀਤਾ ਕਿ ਫ਼ਸਲਾਂ ਵਿੱਚ ਪ੍ਰਤੀਰੋਧ ਦਾ ਖ਼ਤਮ ਹੋਣਾ ਇੱਕ ਆਮ ਸਮੱਸਿਆ ਹੈ। ਉਨ੍ਹਾਂ ਦੱਸਿਆ ਕਿ ਫ਼ਸਲਾਂ ਦੀਆਂ ਜੰਗਲੀ ਨਸਲਾਂ ਆਰਥਿਕ ਤੌਰ ’ਤੇ ਮਹੱਤਵਪੂਰਨ ਜੀਨਾਂ ਦੇ ਸਰੋਤ ਹਨ। ਸਿੱਟੇ ਵਜੋਂ ਪੀਏਯੂ ਨੇ ਲਗਭਗ 20 ਸਾਲ ਪਹਿਲਾਂ ਨਰਮੇ ਵਿੱਚ ਜੰਗਲੀ ਕਪਾਹ ਤੋਂ ਪੱਤਾ ਮਰੋੜ ਬਿਮਾਰੀ ਦਾ ਸਾਹਮਣਾ ਕਰਨ ਵਾਲੇ ਜੀਨਾਂ ਨੂੰ ਸ਼ਾਮਲ ਕਰਨ ਲਈ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀ।ਪੀਏਯੂ ਦੁਆਰਾ ਕੀਤੀ ਗਈ ਇਹ ਪ੍ਰਾਪਤੀ ਦੁਨੀਆਂ ਦੀ ਨਰਮਾ ਖੋਜ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਿਤ ਹੋਵੇਗੀ ਅਤੇ ਇਸ ਨਾਲ ਉੱਤਰੀ ਭਾਰਤ ਵਿੱਚ ਨਰਮੇ ਦੇਉਤਪਾਦਨ ਵਿੱਚ ਵਾਧਾ ਹੋਣ ਦੀ ਆਸ ਹੈ।